ਅਫਗਾਨਿਸਤਾਨ 'ਚ ਤਿੰਨ ਬੰਬ ਧਮਾਕੇ, ਕਈ ਲੋਕ ਜ਼ਖਮੀ

03/07/2019 4:35:38 PM

ਕਾਬੁਲ (ਬਿਊਰੋ)— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਵੀਰਵਾਰ ਨੂੰ ਤਿੰਨ ਬੰਬ ਧਮਾਕੇ ਹੋਣ ਵਾਲ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਕਾਬੁਲ ਦੇ ਪੀ.ਡੀ.13 ਵਿਚ ਇਕ ਰਾਜਨੀਤਕ ਸਭਾ ਦੌਰਾਨ ਤਿੰਨ ਬੰਬ ਧਮਾਕੇ ਹੋਏ। ਇਸ ਮਗਰੋਂ ਗੋਲੀਬਾਰੀ ਦੀ ਆਵਾਜ਼ ਵੀ ਸੁਣਾਈ ਦਿੱਤੀ। ਸ਼ੁਰੂਆਤੀ ਜਾਣਕਾਰੀ ਮੁਤਾਬਕ 14 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਮਲੇ ਮਗਰੋਂ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ।

 

ਜਾਣਕਾਰੀ ਮੁਤਾਬਕ ਧਮਾਕਿਆਂ ਦੇ ਬਾਅਦ ਲਗਾਤਾਰ ਗੋਲੀਬਾਰੀ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਮੀਡੀਆ ਖਬਰਾਂ ਮੁਤਾਬਕ ਪਹਿਲਾਂ ਭੀੜ 'ਤੇ ਗੋਲੀਬਾਰੀ ਕੀਤੀ ਗਈ ਅਤੇ ਬਾਅਦ ਵਿਚ ਮੋਰਟਾਰ ਦਾਗੇ ਗਏ। ਦੱਸਿਆ ਜਾ ਰਿਹਾ ਹੈ ਕਿ ਅਬਦੁੱਲ ਅਲੀ ਮਜ਼ਾਰੀ ਦੀ 24ਵੀਂ ਬਰਸੀ 'ਤੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸ ਆਯੋਜਨ ਵਿਚ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਸਮਾਰੋਹ ਵਿਚ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਸਮੇਤ ਕਈ ਸਿਆਸਤਦਾਨ ਅਤੇ ਵੱਡੇ ਅਧਿਕਾਰੀ ਵੀ ਮੌਜੂਦ ਸਨ।

 

ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਬਦੁੱਲ ਲਤੀਫ ਪੇਡਰਮ ਵੀ ਹਮਲੇ ਵਿਚ ਜ਼ਖਮੀ ਹੋ ਗਏ ਹਨ। ਹਮਲੇ ਮਗਰੋਂ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਜ਼ਖਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਘੱਟੋ-ਘੱਟ 10 ਧਮਾਕੇ ਹੋਏ ਹਨ। ਹਾਲੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

 

Vandana

This news is Content Editor Vandana