ਸੜਕ ਕਿਨਾਰੇ ਬਾਰੂਦੀ ਸੁਰੰਗ ''ਚ ਧਮਾਕਾ, 6 ਬੱਚਿਆਂ ਦੀ ਮੌਤ

12/28/2017 12:46:52 PM

ਕਾਬੁਲ(ਭਾਸ਼ਾ)— ਉੱਤਰੀ ਬਲਖ ਪ੍ਰਾਂਤ ਵਿਚ ਸੜਕ ਕੰਢੇ ਇਕ ਬਾਰੂਦੀ ਸੁਰੰਗ ਵਿਚ ਧਮਾਕਾ ਹੋਣ ਨਾਲ 6 ਬੱਚਿਆਂ ਦੀ ਮੌਤ ਹੋ ਗਈ। ਅਫਗਾਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਦਾਵਲਤ ਅਬਾਦ ਦੇ ਜ਼ਿਲਾ ਗਵਰਨਰ ਮੁਹੰਮਦ ਕਰੀਮ ਨੇ ਕਿਹਾ ਕਿ ਕੱਲ ਭਾਵ ਬੁੱਧਵਾਰ ਨੂੰ ਇਕ ਸ਼ਕਤੀਸ਼ਾਲੀ ਧਮਾਕੇ ਵਿਚ 6 ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਦੀ ਉਮਰ 8 ਤੋਂ 10 ਸਾਲ ਦਰਮਿਆਨ ਸੀ। ਕਿਸੇ ਨੇ ਵੀ ਹਮਲੇ ਦੀ ਤੁਰੰਤ ਕੋਈ ਜ਼ਿੰਮੇਦਾਰੀ ਨਹੀਂ ਲਈ ਹੈ ਪਰ ਕਰੀਮ ਨੇ ਤਾਲੀਬਾਨ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅੱਤਵਾਦੀਆਂ ਨੇ ਅਫਗਾਨ ਅਧਿਕਾਰੀਆਂ ਅਤੇ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਉਥੇ ਬਾਰੂਦੀ ਸੁਰੰਗ ਲਗਾਈ ਸੀ। ਅਫਗਾਨਿਸਤਾਨ ਵਿਚ ਬਾਰੂਦੀ ਸੁਰੰਗ ਸਬੰਧੀ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ। ਇੱਥੇ ਸੜਕ ਕੰਢੇ ਹੋਣ ਵਾਲੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਵਿਚ ਪ੍ਰਤੀ ਮਹੀਨਾ ਕਰੀਬ 140 ਲੋਕ ਮਾਰੇ ਜਾਂਦੇ ਹਨ ਜਾਂ ਜ਼ਖਮੀ ਹੁੰਦੇ ਹਨ।