ਅਫਗਾਨਿਸਤਾਨ ਨੇ ਪਾਕਿ ਨੂੰ ਕਾਬੁਲ ਗੁਰਦੁਆਰਾ 'ਤੇ ਹਮਲੇ ਦੇ ਮੁੱਖ ਦੋਸ਼ੀ ਨੂੰ ਸੌਂਪਣ ਤੋਂ ਕੀਤੀ ਨਾਂਹ

04/11/2020 8:54:49 PM

ਇਸਲਾਮਾਬਾਦ (ਭਾਸ਼ਾ)- ਅਫਗਾਨਿਸਤਾਨ ਨੇ ਕਾਬੁਲ ਵਿਚ ਇਕ ਪ੍ਰਮੁੱਖ ਗੁਰਦੁਆਰੇ 'ਤੇ ਪਿਛਲੇ ਮਹੀਨੇ ਹੋਏ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਅਤੇ ਇਸਲਾਮਿਕ ਸਟੇਟ ਦੀ ਖੁਰਾਸਾਨ ਯੂਨਿਟ ਦੇ ਪ੍ਰਮੁੱਖ ਅਸਲਮ ਫਾਰੂਕੀ ਨੂੰ ਸੌਂਪਣ ਦੀ ਪਾਕਿਸਤਾਨ ਦੀ ਮੰਗ ਸ਼ਨੀਵਾਰ ਨੂੰ ਠੁਕਰਾ ਦਿੱਤੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਇਸ ਮੰਗ ਤੋਂ ਇਥੇ ਅਫਗਾਨ ਰਾਜਦੂਤ ਨੂੰ ਜਾਣੂੰ ਕਰਵਾਇਆ ਗਿਆ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਸਲਾਮਿਕ ਸਟੇਟ ਦੇ ਹਥਿਆਰਬੰਦ ਆਤਮਘਾਤੀ ਹਮਲਾਵਰ ਨੇ 25 ਮਾਰਚ ਨੂੰ ਗੁਰਦੁਆਰੇ 'ਤੇ ਹਮਲਾ ਕੀਤਾ ਸੀ। ਉਸ ਹਮਲੇ ਵਿਚ 25 ਸਿੱਖਾਂ ਦੀ ਮੌਤ ਹੋ ਗਈ ਸੀ ਅਤੇ 8 ਹੋਰ ਜ਼ਖਮੀ ਹੋਏ ਸਨ।

ਅਫਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਡਾਇਰੈਕਟਰ ਨੇ ਇਸੇ ਮਹੀਨੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਅਬਦੁੱਲਾ ਓਰਕਜ਼ਈ ਨਾਂ ਨਾਲ ਵੀ ਚਰਚਿਤ ਫਾਰੂਕੀ ਨੂੰ ਇਕ ਮੁਸ਼ਕਲ ਮੁਹਿੰਮ ਵਿਚ 19 ਹੋਰ ਕਮਾਂਡਰਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਦਿ ਐਕਸਪ੍ਰੈਸ ਟ੍ਰਿਬਿਊਨ ਦੀ ਖਬਰ ਹੈ ਕਿ ਅਫਗਾਨ ਵਿਦੇਸ਼ ਮੰਤਰਾਲੇ ਨੇ ਇਹ ਕਹਿੰਦੇ ਹੋਏ ਪਾਕਿਸਤਾਨ ਦੀ ਮੰਗ ਠੁਕਰਾ ਦਿੱਤੀ ਹੈ ਕਿ ਉਹ (ਫਾਰੂਕੀ) ਸੈਂਕੜੇ ਅਫਗਾਨਾਂ ਨੂੰ ਕਤਲ ਕਰਨ ਵਿਚ ਸ਼ਾਮਲ ਰਿਹਾ ਹੈ ਇਸ ਲਈ ਉਸ 'ਤੇ ਦੇਸ਼ ਦੇ ਕਾਨੂੰਨ ਮੁਤਾਬਕ ਮੁਕੱਦਮਾ ਚਲਾਇਆ ਜਾਵੇਗਾ।

ਮੰਤਰਾਲੇ ਨੇ ਕਿਹਾ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਕੋਈ ਹਵਾਲਗੀ ਸੰਧੀ ਨਹੀਂ ਹੈ ਅਤੇ ਅਫਗਾਨਿਸਤਾਨ ਆਈ.ਐਸ. ਦੇ ਖੁਰਾਸਨ ਮੁਖੀ ਨੂੰ ਸੌਂਪਣ ਲਈ ਵਚਨਬੱਧ ਨਹੀਂ ਹੈ। ਉਸ ਨੇ ਇਹ ਵੀ ਕਿਹਾ ਕਿ ਦੋਵੇਂ ਇਸ ਖੇਤਰ ਵਿਚ ਅੱਤਵਾਦ 'ਤੇ ਰੋਕ ਲਗਾਉਣ ਲਈ ਮਿਲ ਕੇ ਕੰਮ ਕਰ ਸਕਦੇ ਹਨ। ਵੀਰਵਾਰ ਨੂੰ ਅਫਗਾਨਿਸਤਾਨ ਦੇ ਰਾਜਦੂਤ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਤਲਬ ਕਰਕੇ ਉਨ੍ਹਾਂ ਦੇ ਸਾਹਮਣੇ ਪਾਕਿਸਤਾਨ ਦੀ ਇਹ ਮੰਗ ਰੱਖੀ ਗਈ ਸੀ। ਪਾਕਿਸਤਾਨ ਨੇ ਕਿਹਾ ਕਿ ਕਿਉਂਕਿ ਫਾਰੂਕੀ ਅਫਗਾਨਿਸਤਾਨ ਵਿਚ ਪਾਕਿਸਤਾਨ ਵਿਰੋਧੀ ਗਤੀਵਿਧੀਆਂ ਵਿਚ ਸ਼ਮੂਲੀਅਤ ਰਹੀ ਹੈ। ਇਸ ਲਈ ਉਸ ਨੂੰ ਅੱਗੇ ਦੀ ਜਾਂਚ ਲਈ ਉਸ ਦੇ ਹਵਾਲੇ ਕੀਤਾ ਜਾਵੇ।


Sunny Mehra

Content Editor

Related News