ਅਫਗਾਨਿਸਤਾਨ ਦੀ ਜੇਲ ''ਚ ਹਮਲਾ ਜਾਰੀ, ਘੱਟੋ-ਘੱਟ 11 ਦੀ ਮੌਤ ਤੇ 42 ਜ਼ਖਮੀ

08/03/2020 6:00:34 PM

ਕਾਬੁਲ (ਭਾਸ਼ਾ): ਅਫਗਾਨਿਸਤਾਨ ਦੇ ਪੂਰਬੀ ਨਾਂਗਰਹਾਰ ਸੂਬੇ ਵਿਚ ਇਕ ਜੇਲ 'ਤੇ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਦਾ ਹਮਲਾ ਸੋਮਵਾਰ ਨੂੰ ਵੀ ਜਾਰੀ ਰਿਹਾ। ਇਸ ਹਮਲੇ ਵਿਚ ਹੁਣ ਤੱਕ ਘੱਟੋ-ਘੱਟ 11 ਲੋਕ ਮਾਰੇ ਗਏ ਹਨ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਸੂਬਾਈ ਸਿਹਤ ਵਿਭਾਗ ਦੇ ਬੁਲਾਰੇ ਜਹੀਰ ਆਦਿਲ ਨੇ ਦੱਸਿਆ ਕਿ ਹਮਲਾ ਐਤਵਾਰ ਸ਼ਾਮ ਸ਼ੁਰੂ ਹੋਇਆ ਸੀ ਅਤੇ ਇਸ ਵਿਚ ਹੁਣ ਤੱਕ 42 ਲੋਕ ਜ਼ਖਮੀ ਹੋ ਚੁੱਕੇ ਹਨ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਜਲਾਲਾਬਾਦ ਵਿਚ ਇਕ ਜੇਲ ਦੇ ਮੁੱਖ ਦਰਵਾਜੇ 'ਤੇ ਆਤਮਘਾਤੀ ਕਾਰ ਬੰਬ ਧਮਾਕੇ ਦੇ ਨਾਲ ਇਹ ਹਮਲਾ ਸ਼ੁਰੂ ਹੋਇਆ ਸੀ। ਇਸ ਦੇ ਬਾਅਦ ਕਈ ਹਮਲਾਵਰਾਂ ਨੇ ਅਫਗਾਨ ਦੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ। ਹਮਲਾਵਰਾਂ ਦੀ ਗਿਣਤੀ ਕਿੰਨੀ ਹੈ ਇਹ ਹਾਲੇ ਤੱਕ ਸਾਫ ਨਹੀਂ ਹੋ ਸਕਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਨਾਲ ਲੜ ਰਿਹਾ ਆਸਟ੍ਰੇਲੀਆ ਦਾ ਰਾਜ : ਖਜ਼ਾਨਚੀ

ਇਕ ਸੂਬਾਈ ਅਧਿਕਾਰੀ ਨੇ ਦੱਸਿਆ ਕਿ ਹਮਲੇ ਦੇ ਕਾਰਨ ਕਈ ਕੈਦੀ ਜੇਲ ਵਿਚੋਂ ਭੱਜ ਗਏ। ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਸਮੂਹ ਨਾਲ ਸਬੰਧਤ ਸੰਗਠਨ ਆਈ.ਐੱਸ. ਨੇ ਲਈ ਹੈ। ਜੇਲ ਵਿਚ 1500 ਕੈਦੀ ਹਨ ਜਿਹਨਾਂ ਵਿਚੋਂ ਵੱਡੀ ਗਿਣਤੀ ਵਿਚ ਆਈ.ਐੱਸ. ਨਾਲ ਜੁੜੇ ਹਨ। ਹਾਲੇ ਤੱਕ ਇਹ ਸਪਸ਼ੱਟ ਨਹੀਂ ਹੋ ਪਾਇਆ ਹੈ ਕਿ ਇੱਥੇ ਕੋਈ ਵਿਸ਼ੇਸ਼ ਕੈਦੀ ਬੰਦ ਹਨ, ਜਿਹਨਾਂ ਨੂੰ ਛੁਡਾਉਣ ਲਈ ਇਹ ਹਮਲਾ ਕੀਤਾ ਗਿਆ। ਅਫਗਾਨ ਖੁਫੀਆ ਏਜੰਸੀ ਵੱਲੋਂ ਆਈ.ਐੱਸ. ਦੇ ਇਕ ਸੀਨੀਅਰ ਅੱਤਵਾਦੀ ਦੇ ਜਲਾਲਾਬਾਦ ਦੇ ਨੇੜੇ ਅਫਗਾਨ ਸਪੈਸ਼ਲ ਫੋਰਸ ਦੇ ਹਮਲੇ ਵਿਚ ਮਾਰੇ ਜਾਣ ਦੀ ਜਾਣਕਾਰੀ ਦਿੱਤੇ ਜਾਣ ਦੇ ਇਕ ਦਿਨ ਬਾਅਦ ਇਹ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। 

ਤਾਲਿਬਾਨ ਦੇ ਰਾਜਨੀਤਕ ਬੁਲਾਰੇ ਸੁਹੇਲ ਸ਼ਾਹੀਨ ਨੇ ਏਪੀ ਨੂੰ ਦੱਸਿਆ ਕਿ ਇਸ ਹਮਲੇ ਵਿਚ ਉਹਨਾਂ ਦਾ ਸਮੂਹ ਸ਼ਾਮਲ ਨਹੀਂ ਹੈ। ਉਹਨਾਂ ਨੇ ਕਿਹਾ,''ਸਾਡੀ ਜੰਗਬੰਦੀ ਚੱਲ ਰਹੀ ਹੈ ਅਤੇ ਦੇਸ਼ ਵਿਚ ਕਿਤੇ ਵੀ ਇਸ ਤਰ੍ਹਾਂ ਦੇ ਹਮਲੇ ਵਿਚ ਅਸੀਂ ਸ਼ਾਮਲ ਨਹੀਂ ਹਾਂ।'' ਤਾਲਿਬਾਨ ਨੇ ਈਦ ਦੇ ਮੱਦੇਨਜ਼ਰ ਸ਼ੁੱਕਰਵਾਰ ਤੋਂ ਤਿੰਨ ਦਿਨ ਦੀ ਜੰਗਬੰਦੀ ਦਾ ਐਲਾਨ ਕੀਤਾ ਸੀ। ਇਹ ਜੰਗਬੰਦੀ ਸੋਮਵਾਰ ਦੁਪਹਿਰ 12 ਵਜੇ ਖਤਮ ਹੋਵੇਗੀ।

Vandana

This news is Content Editor Vandana