ਅਫਗਾਨਿਸਤਾਨ : ਕਾਬੁਲ 'ਚ ਵੱਡਾ ਧਮਾਕਾ, 14 ਲੋਕਾਂ ਦੀ ਮੌਤ ਤੇ 145 ਜ਼ਖਮੀ

08/07/2019 5:12:58 PM

ਕਾਬੁਲ (ਭਾਸ਼ਾ)—ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਬੁੱਧਵਾਰ ਨੂੰ ਇਕ ਵੱਡਾ ਕਾਰ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ ਕਰੀਬ 14 ਲੋਕਾਂ ਦੀ ਮੌਤ ਹੋ ਗਈ ਅਤੇ 145 ਲੋਕਾਂ ਜ਼ਖਮੀ ਹੋ ਗਏ। ਅਫਗਾਨਿਸਤਾਨ ਦੇ ਉਪ ਗ੍ਰਹਿ ਮੰਤਰੀ ਜਨਰਲ ਖੋਸ਼ਾਲ ਸਾਦਾਤ ਨੇ ਮ੍ਰਿਤਕਾਂ ਅਤੇ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਅਤੇ ਗਵਾਹਾਂ ਮੁਤਾਬਕ ਧਮਾਕੇ ਵਾਲੀ ਜਗ੍ਹਾ 'ਤੇ ਧੂੰਆਂ ਨਿਕਲ ਰਿਹਾ ਸੀ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਅਤੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ।

ਅੰਦਰੂਨੀ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਕਿਹਾ ਕਿ ਇਹ ਧਮਾਕਾ ਪੱਛਮੀ ਕਾਬੁਲ ਵਿਚ ਸਵੇਰੇ 9 ਵਜੇ (0430 GMT) ਹੋਇਆ। ਸਿਹਤ ਮੰਤਰਾਲੇ ਦੇ ਬੁਲਾਰੇ ਵਾਹਿਦੁੱਲਾਹ ਮਾਇਰ ਨੇ ਦੱਸਿਆ ਕਿ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਅਫਗਾਨਿਸਤਾਨ ਦੀ ਸਮਾਚਾਰ ਏਜੰਸੀ ਮੁਤਾਬਕ ਪੁਲਸ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਵਾਲੇ ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। 

 

ਸਰਕਾਰ ਦਾ ਕਹਿਣਾ ਹੈ ਕਿ ਕਾਬੁਲ ਦੇ ਪੱਛਮ ਵਿਚ ਧਮਾਕਾ ਇਕ ਕਾਰ ਬੰਬ ਧਮਾਕਾ ਸੀ, ਜਿਸ ਨੇ ਪੁਲਸ ਦੇ 6 ਹੈੱਡਕੁਆਰਟਰਾਂ ਨੂੰ ਨਿਸ਼ਾਨਾ ਬਣਾਇਆ। ਉੱਥੇ ਨੈਸ਼ਨਲ ਡਾਇਰੈਕਟੋਰੇਟ ਆਫ ਸਿਕਓਰਿਟੀ (ਐੱਨ.ਡੀ.ਐੱਸ.) ਦਾ ਕਹਿਣਾ ਹੈ ਕਿ ਕਾਬੁਲ ਦੇ ਦੋ ਹਿੱਸਿਆਂ ਵਿਚ ਸਪੈਸ਼ਲ ਆਪਰੇਸ਼ਨ ਖਤਮ ਹੋਇਆ ਹੈ, ਜਿਸ ਵਿਚ ਦੋ ਲੜਾਕਿਆਂ ਦੀ ਮੌਤ ਹੋ ਗਈ ਹੈ ਅਤੇ ਵੱਡਾ ਬੰਬ ਬਣਾਉਣ ਵਾਲਾ ਕੈਸ਼ੇ ਵੀ ਨਸ਼ਟ ਹੋ ਗਿਆ ਹੈ।

Vandana

This news is Content Editor Vandana