ਦੋ ਵਿਦੇਸ਼ੀ ਪ੍ਰੋਫੈਸਰਾਂ ਦੇ ਬਦਲੇ ਅਫਗਨਿਸਤਾਨ ਨੇ ਛੱਡੇ 3 ਵੱਡੇ ਅੱਤਵਾਦੀ

11/13/2019 2:39:44 PM

ਕਾਬੁਲ (ਬਿਊਰੋ): ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਇਕ ਅਮਰੀਕੀ ਅਤੇ ਇਕ ਆਸਟ੍ਰੇਲੀਆਈ ਪ੍ਰੋਫੈਸਰ ਦੇ ਬਦਲੇ ਵਿਚ 3 ਪ੍ਰਮੁੱਖ ਤਾਲਿਬਾਨ ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਦੋਹਾਂ ਪ੍ਰੋਫੈਸਰਾਂ ਨੂੰ 2016 ਵਿਚ ਅਗਵਾ ਕੀਤਾ ਗਿਆ ਸੀ। ਉਦੋਂ ਤੋਂ ਉਹ ਤਾਲਿਬਾਨ ਦੀ ਹਿਰਾਸਤ ਵਿਚ ਸਨ। ਛੱਡੇ ਗਏ ਅੱਤਵਾਦੀਆਂ ਵਿਚ ਦੋ ਤਾਲਿਬਾਨ ਦੇ ਹਨ ਜਦਕਿ ਇਕ ਹੱਕਾਨੀ ਨੈੱਟਵਰਕ ਦਾ ਮੈਂਬਰ ਹੈ। ਅੱਤਵਾਦੀ ਕਮਾਂਡਰ ਅਨਸ ਹੱਕਾਨੀ ਅਤੇ ਦੋ ਹੋਰ ਤਾਲਿਬਾਨ ਅੱਤਵਾਦੀਆਂ ਹਾਜ਼ੀ ਮਾਲੀ ਖਾਨ ਅਤੇ ਹਾਫਿਜ਼ ਰਾਸ਼ਿਦ ਨੂੰ ਛੱਡਿਆ ਗਿਆ ਹੈ। 

ਗਨੀ ਨੇ ਕਿਹਾ ਕਿ ਸਰਕਾਰ ਨੇ ਤਿੰਨ ਸਾਲ ਪਹਿਲਾਂ ਬੰਧਕ ਬਣਾਏ ਗਏ ਦੋ ਵਿਦੇਸ਼ੀ ਪ੍ਰੋਫੈਸਰਾਂ ਅਮਰੀਕਾ ਦੇ ਕੇਵਿਨ ਕਿੰਗ ਅਤੇ ਆਸਟ੍ਰੇਲੀਆ ਦੇ ਟਿਮੋਥੀ ਵੀਕਸ ਦੇ ਬਦਲੇ ਇਨ੍ਹਾਂ ਅੱਤਵਾਦੀਆਂ ਨੂੰ ਰਿਹਾਅ ਕੀਤਾ ਹੈ। ਦੋਹਾਂ ਪ੍ਰੋਫੈਸਰਾਂ ਨੂੰ ਕਾਬੁਲ ਵਿਚ ਅਮਰੀਕੀ ਯੂਨੀਵਰਸਿਟੀ ਦੇ ਬਾਹਰੋਂ ਅਗਵਾ ਕੀਤਾ ਗਿਆ ਸੀ ਜਿੱਥੇ ਉਹ ਟੀਚਰ ਦੇ ਤੌਰ 'ਤੇ ਕੰਮ ਕਰਦੇ ਸਨ। ਇਕ ਪ੍ਰੈੱਸ ਕਾਨਫਰੰਸ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਸ਼ਰਤ ਸਮੇਤ ਰਿਹਾਈ 'ਤੇ ਇਹ ਮੁਸ਼ਕਲ ਫੈਸਲਾ ਸੀ। ਅਫਗਾਨ ਜਨਤਾ ਦੇ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੇ ਇਹ ਮੁਸ਼ਕਲ ਫੈਸਲਾ ਲਿਆ। ਇਹ ਐਲਾਨ ਸੰਵੇਦਨਸ਼ੀਲ ਸਮੇਂ ਵਿਚ ਕੀਤਾ ਗਿਆ ਹੈ। 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਤੰਬਰ ਵਿਚ ਅਮਰੀਕਾ ਅਤੇ ਤਾਲਿਬਾਨ ਦੇ ਵਿਚ ਗੱਲਬਾਤ ਰੋਕ ਦਿੱਤੀ ਸੀ। ਕਾਬੁਲ ਆਤਮਘਾਤੀ ਹਮਲੇ ਸਮੇਤ ਤਾਲਿਬਾਨ ਦੇ ਹਮਲਿਆਂ ਵਿਚ ਆਈ ਤੇਜ਼ੀ ਦੇ ਬਾਅਦ ਟਰੰਪ ਨੇ ਇਹ ਫੈਸਲਾ ਲਿਆ ਸੀ। ਛੱਡੇ ਗਏ ਤਿੰਨੇ ਅੱਤਵਾਦੀਆਂ ਨੂੰ ਸਾਲ 2014 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਅਨਸ ਅਫਗਾਨ ਤਾਲਿਬਨ ਦੇ ਸਭ ਤੋਂ ਖਤਰਨਾਕ ਗੁੱਟ ਹੱਕਾਨੀ ਨੈੱਟਵਰਕ ਦੇ ਪ੍ਰਮੁੱਖ ਸਿਰਾਜੁਦੀਨ ਹੱਕਾਨੀ ਦਾ ਛੋਟਾ ਭਰਾ ਹੈ। ਹੱਕਾਨੀ ਗੁੱਟ ਨੇ ਹਾਲ ਹੀ ਦੇ ਸਾਲਾਂ ਵਿਚ ਅਫਗਾਨਿਸਤਾਨ ਵਿਚ ਆਮ ਲੋਕਾਂ 'ਤੇ ਵੱਡੇ ਪੱਧਰ 'ਤੇ ਅੱਤਵਾਦੀ ਹਮਲੇ ਕੀਤੇ ਹਨ। ਅਨਸ ਨੂੰ ਫਾਂਸ ਦੀ ਸਜ਼ਾ ਸੁਣਾਈ ਗਈ ਸੀ। 

ਹੱਕਾਨੀ ਨੈੱਟਵਰਕ ਨੂੰ ਅਮਰੀਕੀ ਐਡਮਿਰਲ ਮਾਈਕ ਗੁਲੇਨ ਨੇ ਸਾਲ 2011 ਵਿਚ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦਾ ਹਿੱਸਾ ਦੱਸਿਆ ਸੀ। ਰਾਸ਼ਟਰਪਤੀ ਗਨੀ ਨੇ ਇਹ ਨਹੀਂ ਦੱਸਿਆ ਕਿ ਦੋਹਾਂ ਪ੍ਰੋਫੈਸਰਾਂ ਨੂੰ ਕਦੋਂ ਅਤੇ ਕਿੱਥੇ ਰਿਹਾਅ ਕੀਤਾ ਜਾਵੇਗਾ। ਉਨ੍ਹਾਂ ਨੇ ਸਿਰਫ ਇਹ ਦੱਸਿਆ ਕਿ ਅੱਤਵਾਦੀਆਂ ਦੇ ਚੁੰਗਲ ਵਿਚ ਫਸੇ ਇਕ ਪ੍ਰੋਫੈਸਰ ਦੀ ਸਿਹਤ ਵਿਗੜ ਰਹੀ ਹੈ।

Vandana

This news is Content Editor Vandana