ਕਾਬੁਲ ''ਚ ਔਰਤਾਂ ਲਈ ਬਣਾਇਆ ਗਿਆ ਸਵੀਮਿੰਗ ਪੂਲ

12/23/2019 4:30:49 PM

ਕਾਬੁਲ (ਬਿਊਰੋ): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਔਰਤਾਂ ਨੂੰ ਸਵੀਮਿੰਗ ਪੂਲ ਵਿਚ ਤੈਰਨ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇਸ ਦੇ ਨਾਲ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਅਸਲ ਵਿਚ ਇੱਥੇ ਕਾਬੁਲ ਵਿਚ ਪਹਿਲਾ ਸਵੀਮਿੰਗ ਪੂਲ 2001 ਵਿਚ ਖੋਲ੍ਹਿਆ ਗਿਆ ਸੀ ਅਤੇ ਇਹ ਸਿਰਫ ਪੁਰਸ਼ਾਂ ਲਈ ਸੀ। ਭਾਵੇਂਕਿ ਹੁਣ ਔਰਤਾਂ ਨੂੰ ਸਿਰਫ ਦੋ ਪੂਲ ਵਿਚ ਤੈਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਹਨਾਂ ਵਿਚ ਇਕ ਪੂਲ ਅਮੂ ਪੱਛਮ ਵਿਚ ਸਥਿਤ ਹੈ।

ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਹਨਾਂ ਪੂਲ ਵਿਚ ਤੈਰਨ ਲਈ ਔਰਤਾਂ ਲਈ ਕੁਝ ਨਿਯਮ ਵੀ ਬਣਾਏ ਗਏ ਹਨ। ਇੱਥੇ ਆਉਣ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਫੋਨ ਜਮਾਂ ਕਰਵਾਉਣੇ ਪੈਣਗੇ ਕਿਉਂਕਿ ਇਸ ਦੌਰਾਨ ਤਸਵੀਰ ਖਿੱਚਣ ਦੀ ਇਜਾਜ਼ਤ ਨਹੀਂ ਹੈ। ਭਾਵੇਂਕਿ ਨਿਊਯਾਰਕ ਟਾਈਮਜ਼ ਨੂੰ ਦੋਵੇਂ ਪੂਲ ਵਿਚ ਤਸਵੀਰ ਲੈਣ ਦੀ ਵਿਸ਼ੇਸ਼ ਇਜਾਜ਼ਤ ਦਿੱਤੀ ਗਈ ਹੈ।ਰਿਪੋਰਟ ਮੁਤਾਬਕ ਇਕ ਮਹਿਲਾ ਇਸ ਬਾਰੇ ਵਿਚ ਕਹਿੰਦੀ ਹੈ ਕਿ ਜਦੋਂ ਉਹ ਪੂਲ ਵਿਚ ਤੈਰਦੀ ਹੈ ਤਾਂ ਉਹ ਤਾਲਿਬਾਨੀ ਹਮਲਿਆਂ ਜਾਂ ਆਤਮਘਾਤੀ ਹਮਲਿਆਂ ਦੀ ਪਰਵਾਹ ਨਹੀਂ ਕਰਦੀ।

ਇੱਥੇ ਦੱਸ ਦਈਏ ਕਿ ਤਾਲਿਬਾਨ ਸ਼ਾਸਨ ਦੌਰਾਨ ਔਰਤਾਂ ਨੂੰ ਖੇਡਾਂ, ਜਨਤਕ ਸਿੱਖਿਆ ਅਤੇ ਨੌਕਰੀਆਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਸੀ ਪਰ 2001 ਵਿਚ ਅਮਰੀਕਾ ਨੇ ਤਾਲਿਬਾਨ ਨੂੰ ਸੱਤਾ ਤੋਂ ਹਟਾ ਦਿੱਤਾ ਸੀ।ਇਸ ਦੇ ਇਲਾਵਾ ਅੱਜ ਵੀ ਕਈ ਮੁਸਲਿਮ ਦੇਸ਼ ਅਜਿਹੇ ਹਨ ਜਿੱਥੇ ਔਰਤਾਂ ਨੂੰ ਬਹੁਤ ਸਾਰੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਵੇਂਕਿ ਸਾਊਦੀ ਅਰਬ ਜਿਹੇ ਦੇਸ਼ਾਂ ਨੇ ਹੁਣ ਕਈ ਪਾਬੰਦੀਆਂ ਹਟਾ ਦਿੱਤੀਆਂ ਹਨ।ਸਾਊਦੀ ਅਰਬ ਵਿਚ ਔਰਤਾਂ ਨੂੰ ਗੱਡੀ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਪਾਬੰਦੀ ਦੇ ਖਾਤਮੇ ਦਾ ਸਵਾਗਤ ਪੂਰੀ ਦੁਨੀਆ ਨੇ ਕੀਤਾ ਸੀ। ਇਸ ਦੇ ਇਲਾਵਾ ਇੱਥੇ ਔਰਤਾਂ ਨੂੰ ਡਰੈਸ ਕੋਡ ਵਿਚ ਛੋਟ ਦਿੱਤੀ ਗਈ ਹੈ।
 

Vandana

This news is Content Editor Vandana