ਅਫਗਾਨਿਸਤਾਨ ''ਚ ਸੰਸਦੀ ਚੋਣਾਂ ਦੇ ਦੂਜੇ ਦਿਨ ਬੰਬ ਧਮਾਕਾ, 11 ਲੋਕਾਂ ਦੀ ਮੌਤ

10/21/2018 5:16:31 PM

ਕਾਬੁਲ— ਅਫਗਾਨਿਸਤਾਨ ਦੇ ਪੂਰਬੀ ਨੰਗਰਹਾਰ ਸੂਬੇ 'ਚ ਸੜਕ ਕਿਨਾਰੇ ਬੰਬ ਧਮਾਕੇ 'ਚ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਸੂਬਾਈ ਗਵਰਨਰ ਦੇ ਬੁਲਾਰੇ ਅੱਤਾਉਲਾਹ ਖੋਗਯਾਨੀ ਨੇ ਦੱਸਿਆ ਕਿ ਐਤਵਾਰ ਨੂੰ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ 'ਚ 6 ਬੱਚੇ ਵੀ ਸ਼ਾਮਲ ਹਨ।

ਅਫਗਾਨਿਸਤਾਨ 'ਚ ਸੰਸਦੀ ਚੋਣਾਂ ਦੇ ਦੂਜੇ ਦਿਨ ਇਹ ਧਮਾਕਾ ਹੋਇਆ। ਸ਼ਨੀਵਾਰ ਨੂੰ ਹੋਏ ਹਮਲਿਆਂ ਤੇ ਤਕਨੀਕੀ ਖਾਮੀਆਂ ਕਾਰਨ ਚੋਣ ਦੀ ਮਿਆਦ ਵਧਾ ਦਿੱਤੀ ਗਈ ਸੀ। ਅਜੇ ਕਿਸੇ ਨੇ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। ਤਾਲਿਬਾਨ ਤੇ ਇਸਲਾਮਿਕ ਸਟੇਟ ਨਾਲ ਜੁੜਿਆ ਇਕ ਸੰਗਠਨ ਨੰਗਰਹਾਰ 'ਚ ਸਰਗਰਮ ਹੈ। ਸੜਕ ਕਿਨਾਰੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਕੇ ਕੀਤੇ ਗਏ ਬੰਬ ਧਮਾਕਿਆਂ 'ਚ ਅਕਸਰ ਕਈ ਨਾਗਰਿਕ ਮਾਰੇ ਜਾਂਦੇ ਹਨ। ਇਸ ਤੋਂ ਪਹਿਲਾਂ ਹਿੰਸਾ ਤੇ ਤਕਨੀਕੀ ਖਾਮੀਆਂ ਨਾਲ ਘਿਰੀਆਂ ਸੰਸਦੀ ਚੋਣਾਂ ਦੇ ਦੂਜੇ ਦਿਨ ਐਤਵਾਰ ਨੂੰ ਸੈਂਕੜੇ ਮਤਦਾਨ ਕੇਂਦਰ ਖੁੱਲ੍ਹੇ।

ਅਧਿਕਾਰਿਕ ਅੰਕੜਿਆਂ ਮੁਤਾਬਕ, ਸ਼ਨੀਵਾਰ ਨੂੰ ਵੋਟਿੰਗ 'ਚ ਬਹੁਤ ਦੇਰੀ ਹੋਈ ਪਰ ਕਈ ਵੋਟਿੰਰ ਕੇਂਦਰ ਦੇਰ ਰਾਤ ਤੱਕ ਖੁੱਲ੍ਹੇ ਰਹੇ। ਕਰੀਬ 30 ਲੱਖ ਲੋਕਾਂ ਨੇ ਅੱਤਵਾਦੀ ਹਮਲਿਆਂ ਦੀ ਧਮਕੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਚੋਣ ਕਮਿਸ਼ਨ ਨੇ ਕਿਹਾ ਕਿ ਐਤਵਾਰ ਨੂੰ ਸ਼ਾਮ ਪੰਜ ਵਜੇ ਤੱਕ 401 ਵੋਟਿੰਗ ਕੇਂਦਰ ਖੁੱਲ੍ਹੇ ਰਹਿਣਗੇ।