ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ਕਹਿਰ, ਹਵਾਈ ਹਮਲਿਆਂ ’ਚ ਕਲੀਨਿਕ ਅਤੇ ਸਕੂਲ ਤਬਾਹ

08/09/2021 11:27:08 AM

ਕਾਬੁਲ— ਅਫ਼ਗਾਨਿਸਤਾਨ ਦੇ ਹੇਲਮੰਦ ਸੂਬੇ ਦੀ ਸੂਬਾਈ ਪਰੀਸ਼ਦ ਦੇ ਇਕ ਮੈਂਬਰ ਨੇ ਦੱਸਿਆ ਕਿ ਸੂਬੇ ਵਿਚ ਹਵਾਈ ਹਮਲਿਆਂ ਵਿਚ ਇਕ ਹੈਲਥ ਕਲੀਨਿਕ ਅਤੇ ਇਕ ਹਾਈ ਸਕੂਲ ਨੁਕਸਾਨੇ ਗਏ ਹਨ। ਉੱਥੇ ਹੀ ਉੱਤਰੀ ਕੁੰਦੁਜ ਸੂਬੇ ਵਿਚ ਤਾਲਿਬਾਨ ਦੇ ਲੜਾਕੇ ਅੱਗੇ ਵੱਧ ਰਹੇ ਹਨ। ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਲਸ਼ਕਰਗਾਹ ਸ਼ਹਿਰ ’ਤੇ ਹਵਾਈ ਹਮਲੇ ਕੀਤੇ ਗਏ ਹਨ। ਉਸ ਨੇ ਕਿਹਾ ਕਿ ਸੁਰੱਖਿਆ ਫੋਰਸ ਨੇ ਤਾਲਿਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ’ਚ 54 ਲੜਾਕੇ ਮਾਰੇ ਗਏ ਹਨ ਅਤੇ 23 ਹੋਰ ਜ਼ਖਮੀ ਹੋਏ ਹਨ। ਇਸ ਵਿਚ ਕਲੀਨਿਕ ਅਤੇ ਸਕੂਲ ’ਤੇ ਬੰਬਾਰੀ ਕਰਨ ਦਾ ਕੋਈ ਜ਼ਿਕਰ ਨਹੀਂ ਹੈ।

ਹੇਲਮੰਦ ਸੂਬਾਈ ਪਰੀਸ਼ਦ ਦੇ ਉੱਪ ਪ੍ਰਧਾਨ ਮਾਜਿਦ ਅਖੂੰਦ ਨੇ ਕਿਹਾ ਕਿ ਸ਼ਨੀਵਾਰ ਦੇਰ ਸ਼ਾਮ 7ਵੇਂ ਪੁਲਸ ਜ਼ਿਲ੍ਹੇ ਵਿਚ ਕੀਤੇ ਗਏ ਹਵਾਈ ਹਮਲੇ ਵਿਚ ਇਕ ਕਲੀਨਿਕ ਅਤੇ ਸਕੂਲ ਬੰਬਾਰੀ ਦੀ ਲਪੇਟ ’ਚ ਆਇਆ ਹੈ। ਅਫ਼ਗਾਨਿਸਤਾਨ ਤੋਂ ਅਮਰੀਕਾ ਅਤੇ ਨਾਟੋ ਦੀਆਂ ਫ਼ੌਜਾਂ ਦੇ ਵਾਪਸ ਜਾਣ ਦਰਮਿਆਨ ਤਾਲਿਬਾਨ ਨੇ ਲੜਾਈ ਤੇਜ਼ ਕਰ ਦਿੱਤੀ ਹੈ। ਤਾਲਿਬਾਨ ਨੇ ਹਮਲੇ ਤੇਜ਼ ਕਰ ਦਿੱਤੇ ਹਨ, ਜਦਕਿ ਸੁਰੱਖਿਆ ਫੋਰਸਾਂ ਅਤੇ ਸਰਕਾਰੀ ਫ਼ੌਜੀਆਂ ਨੇ ਜਵਾਬੀ ਹਮਲੇ ਕੀਤੇ ਹਨ। ਅਮਰੀਕਾ ਦੀ ਮਦਦ ਨਾਲ ਹਵਾਈ ਹਮਲੇ ਕੀਤੇ ਹਨ। ਇਸ ਲੜਾਈ ਨੇ ਆਮ ਨਾਗਰਿਕਾਂ ਦੇ ਜ਼ਖਮੀ ਹੋਣ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।

ਹੇਲਮੰਦ ਦੇ ਜਨਤਕ ਸਿਹਤ ਮਹਿਕਮੇ ਦੇ ਅਧਿਕਾਰੀ ਡਾ. ਅਹਿਮਦ ਖਾਨ ਵੇਆਰ ਨੇ ਦੱਸਿਆ ਕਿ ਹੈਲਥ ਕਲੀਨਿਕ ’ਤੇ ਹਵਾਈ ਹਮਲੇ ਵਿਚ ਇਕ ਨਰਸ ਦੀ ਮੌਤ ਹੋ ਗਈ ਅਤੇ ਇਕ ਗਾਰਡ ਜ਼ਖਮੀ ਹੋ ਗਿਆ। ਤਾਲਿਬਾਨ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕੀ ਹਮਲਾਵਰਾਂ ਨੇ ਹੇਲਮੰਦ ’ਚ ਇਕ ਹੋਰ ਹਸਪਤਾਲ ਅਤੇ ਸਕੂਲ ’ਤੇ ਬੰਬਾਰੀ ਕਰ ਕੇ ਉਸ ਨੂੰ ਤਬਾਹ ਕਰ ਦਿੱਤਾ। ਲਸ਼ਕਰਗਾਹ ਦੇ ਆਲੇ-ਦੁਆਲੇ ਭਿਆਨਕ ਲੜਾਈ ਹੋ ਰਹੀ ਹੈ ਅਤੇ ਅਮਰੀਕਾ ਤੇ ਅਫ਼ਗਾਨ ਸਰਕਾਰ ਦੀਆਂ ਹਵਾਈ ਫ਼ੌਜਾਂ ਸ਼ਹਿਰ ’ਤੇ ਹਮਲੇ ਕਰ ਰਹੀਆਂ ਹਨ। ਤਾਲਿਬਾਨ ਨੇ ਸ਼ਹਿਰ ਦੇ 10 ’ਚੋਂ 9 ਪੁਲਸ ਜ਼ਿਲ੍ਹਿਆਂ ’ਤੇ ਕਬਜ਼ਾ ਕਰ ਲਿਆ ਹੈ। ਉੱਤਰੀ ਅਫ਼ਗਾਨਿਸਤਾਨ ਵਿਚ ਕੁੰਦੁਜ ਦੇ ਸੂਬਾਈ ਪਰੀਸ਼ਦ ਦੇ ਮੈਂਬਰ ਗੁਲਾਮ ਰੱਬਾਨੀ ਨੇ ਦੱਸਿਆ ਕਿ ਤਾਲਿਬਾਨ ਨੇ ਸੂਬੇ ਦੀ ਰਾਜਧਾਨੀ ਦੇ ਜ਼ਿਆਦਾਤਰ ਹਿੱਸਿਆਂ ’ਤੇ ਐਤਵਾਰ ਨੂੰ ਕਬਜ਼ਾ ਕਰ ਲਿਆ। 

Tanu

This news is Content Editor Tanu