ਅਫਗਾਨਿਸਤਾਨ ਹਮਲਾ: ਅਫਗਾਨ ਸਿੱਖਾਂ ਨੇ ਕਿਹਾ— 'ਧਮਾਕੇ ਦੇ ਪਿੱਛੇ ਹੋ ਸਕਦੈ ਭੂ-ਮਾਫੀਆ ਦਾ ਹੱਥ'

07/10/2018 6:11:59 PM

ਜਲਾਲਾਬਾਦ (ਏਜੰਸੀ)— ਅਫਗਾਨਿਸਤਾਨ ਦੇ ਜਲਾਲਾਬਾਦ 'ਚ 1 ਜੁਲਾਈ 2018 ਨੂੰ ਸਿੱਖਾਂ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਪਿੱਛੇ ਦੇਸ਼ ਦੇ ਭੂ-ਮਾਫੀਆ ਦਾ ਹੱਥ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਅਫਗਾਨ ਸਿੱਖਾਂ ਦਾ ਕਹਿਣਾ ਹੈ ਕਿ ਦੇਸ਼ 'ਚ ਵੱਖ-ਵੱਖ ਥਾਵਾਂ 'ਤੇ ਸਥਿਤ ਗੁਰਦੁਆਰਿਆਂ ਅਧੀਨ ਸੈਂਕੜੇ ਏਕੜ ਜ਼ਮੀਨ ਆਉਂਦੀ ਹੈ ਅਤੇ ਭੂ-ਮਾਫੀਆ ਇਸ ਜ਼ਮੀਨ 'ਤੇ ਕਬਜ਼ਾ ਜਮਾਉਣਾ ਚਾਹੁੰਦਾ ਹੈ। ਇਸ ਲਈ ਉਹ ਮੰਨਦੇ ਹਨ ਕਿ ਸਿੱਖਾਂ ਅਤੇ ਹਿੰਦੂਆਂ 'ਤੇ ਹੋਏ ਹਮਲੇ ਪਿੱਛੇ ਭੂ-ਮਾਫੀਆ ਦਾ ਹੱਥ ਹੋ ਸਕਦਾ ਹੈ।
ਅਫਗਾਨ ਸਿੱਖਾਂ ਮੁਤਾਬਕ ਸ਼ਕਤੀਸ਼ਾਲੀ ਅਫਗਾਨ ਭੂ-ਮਾਫੀਆ ਪਹਿਲਾਂ ਵੀ ਕਾਬੁਲ, ਜਲਾਲਾਬਾਦ, ਗਜ਼ਨੀ, ਹੈਰਾਤ ਅਤੇ ਕੰਧਾਰ ਨੇੜਲੇ ਪੇਂਡੂ ਇਲਾਕਿਆਂ ਦੇ ਗੁਰਦੁਆਰਿਆਂ ਅਤੇ ਉਨ੍ਹਾਂ ਨਾਲ ਸਬੰਧਤ ਜਾਇਦਾਦਾਂ 'ਤੇ ਕਬਜ਼ਾ ਕਰ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 8 ਮਹੀਨੇ ਪਹਿਲਾਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਮੁਹੰਮਦ ਅਸ਼ਰਫ ਗਨੀ ਵਲੋਂ ਸਿੱਖ ਭਾਈਚਾਰੇ ਨੂੰ ਜਲਾਲਾਬਾਦ ਦੇ ਗੁਰਦੁਆਰਾ 'ਗੁਰੂ ਨਾਨਕ ਦਰਬਾਰ' ਦੇ ਨਾਂ 'ਤੇ ਜ਼ਮੀਨ ਮੁਫਤ ਮੁਹੱਈਆ ਕਰਵਾਈ ਗਈ। ਇਸ ਜ਼ਮੀਨ ਦੀ ਕੀਮਤ 7 ਲੱਖ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ। ਇਸ ਗੁਰਦੁਆਰੇ ਦਾ ਪ੍ਰਬੰਧਨ ਹਮਲੇ 'ਚ ਮਾਰੇ ਗਏ ਸਿੱਖ ਆਗੂ ਅਵਤਾਰ ਸਿੰਘ ਖਾਲਸਾ ਅਤੇ ਹੋਰ ਸਿੱਖ ਆਗੂ ਦੇਖ ਰਹੇ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੋਜਨਾ ਇੱਥੇ ਸਿੱਖ ਬੱਚਿਆਂ ਲਈ ਸਕੂਲ ਦੀ ਸਥਾਪਨਾ ਕਰਨ ਦੀ ਸੀ। 
ਸਥਾਨਕ ਸਿੱਖਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਇਸੇ ਲਈ ਹੀ 1 ਜੁਲਾਈ ਨੂੰ ਸਿੱਖਾਂ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਹੋਵੇ। ਓਧਰ ਅਵਤਾਰ ਸਿੰਘ ਦੇ ਪੁੱਤਰ ਨਰਿੰਦਰ ਸਿੰਘ ਖਾਲਸਾ ਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਕਿ ਸਿੱਖਾਂ ਨੂੰ ਅਲਾਟ ਕੀਤੀ ਗਈ ਜ਼ਮੀਨ 'ਤੇ ਕਬਜ਼ਾ ਲੈਣ ਲਈ ਭੂ-ਮਾਫੀਆ ਨੇ ਅਧਿਕਾਰੀਆਂ ਨੂੰ 4 ਲੱਖ ਡਾਲਰ ਦੀ ਰਿਸ਼ਵਤ ਦਿੱਤੀ ਸੀ। ਦੱਸਣਯੋਗ ਹੈ ਕਿ ਅਫਗਾਨਿਸਤਾਨ ਦੇ ਜਲਾਲਾਬਾਦ 'ਚ 1 ਜੁਲਾਈ 2018 ਨੂੰ  ਸਿੱਖਾਂ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ, ਜਿਸ 'ਚ 15 ਸਿੱਖ ਅਤੇ 4 ਹਿੰਦੂ ਮਾਰੇ ਗਏ ਸਨ ਅਤੇ 21 ਹੋਰ ਜ਼ਖਮੀ ਹੋ ਗਏ ਸਨ।