ਕਾਬੁਲ ਗੁਰਦੁਆਰੇ 'ਤੇ ਅੱਤਵਾਦੀ ਹਮਲੇ 'ਚ 25 ਮੌਤਾਂ, ਇਸ ਨੇ ਲਈ ਜਿੰਮੇਵਾਰੀ, (ਤਸਵੀਰਾਂ)

03/25/2020 5:13:42 PM

ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਗੁਰਦੁਆਰੇ 'ਤੇ ਹੋਏ ਅੱਤਵਾਦੀ ਹਮਲੇ ਵਿਚ ਹੁਣ ਤਕ 25 ਦੀ ਮੌਤ ਦੀ ਹੋ ਚੁੱਕੀ ਹੈ। ਜਿਸ ਸਮੇਂ ਇਹ ਹਮਲਾ ਹੋਇਆ ਉਸ ਵਕਤ ਗੁਰਦੁਆਰੇ ਵਿਚ ਲਗਭਗ 150 ਸ਼ਰਧਾਲੂ ਮੌਜੂਦ ਸਨ। 16 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਮਲੇ ਦੀ ਜਿੰਮੇਵਾਰੀ ਇਸਲਾਮਿਕ ਸਟੇਟ (ਆਈ. ਐੱਸ.) ਨੇ ਲਈ ਹੈ। ਦੱਸ ਦੇਈਏ ਕਿ ਅਫਗਾਨਿਸਤਾਨ ਵਿੱਚ ਲਗਭਗ 300 ਸਿੱਖ ਪਰਿਵਾਰ ਰਹਿੰਦੇ ਹਨ। ਕਾਬੁਲ ਅਤੇ ਜਲਾਲਾਬਾਦ ਵਿਚ ਸਿੱਖਾਂ ਦੀ ਗਿਣਤੀ ਵਧੇਰੇ ਹੈ। ਇਨ੍ਹਾਂ ਦੋਹਾਂ ਸ਼ਹਿਰਾਂ ਵਿਚ ਗੁਰਦੁਆਰੇ ਵੀ ਹਨ। 

ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਨੂੰ ਗੁਰਦੁਆਰੇ ਤੋਂ ਇਕ ਸਿੱਖ ਸ਼ਰਧਾਲੂ ਦਾ ਫੋਨ ਆਇਆ ਜਿਸ ਨੇ ਉਨ੍ਹਾਂ ਨੂੰ ਹਮਲੇ ਬਾਰੇ ਜਾਣਕਾਰੀ ਦਿੱਤੀ ਅਤੇ ਉਹ ਮਦਦ ਲਈ ਰਵਾਨਾ ਹੋ ਗਏ। ਉਨ੍ਹਾਂ ਕਿਹਾ ਕਿ ਹਮਲੇ ਸਮੇਂ ਗੁਰਦੁਆਰੇ ਅੰਦਰ ਲਗਭਗ 150 ਲੋਕ ਮੌਜੂਦ ਸਨ।

ਭਾਰਤ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, "ਕੋਰੋਨਾਵਾਇਰਸ ਮਹਾਂਮਾਰੀ ਸਮੇਂ ਘੱਟ ਗਿਣਤੀ ਭਾਈਚਾਰਿਆਂ ਦੇ ਧਾਰਮਿਕ ਸਥਾਨਾਂ 'ਤੇ ਅਜਿਹੇ ਕਾਇਰਤਾਵਾਦੀ ਹਮਲੇ ਅਪਰਾਧੀਆਂ ਅਤੇ ਉਨ੍ਹਾਂ ਦੀ ਸ਼ੈਤਾਨੀ ਮਾਨਸਿਕਤਾ ਨੂੰ ਦਰਸਾਉਂਦੇ ਹਨ।


ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਵੀ ਅਫਗਾਨਿਸਤਾਨ ਦੇ ਇਸਲਾਮਿਕ ਸਟੇਟ ਨਾਲ ਸਬੰਧਤ ਹਮਲਾਵਰਾਂ ਨੇ ਕਾਬੁਲ ਵਿਚ ਘੱਟ ਗਿਣਤੀ ਸ਼ੀਆ ਮੁਸਲਮਾਨਾਂ ਦੇ ਇਕ ਇਕੱਠ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਵਿਚ 32 ਲੋਕਾਂ ਦੀ ਮੌਤ ਹੋ ਗਈ ਸੀ। ਸਿੱਖਾਂ ਨੂੰ ਰੂੜ੍ਹੀਵਾਦੀ ਮੁਸਲਮਾਨਾਂ ਦੇ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸਲਾਮਿਕ ਅੱਤਵਾਦੀਆਂ ਵਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲ ਹੀ ਦੇ ਸਾਲਾਂ ਵਿਚ ਬਹੁਗਿਣਤੀ ਹਿੰਦੂ ਤੇ ਸਿੱਖ ਭਾਰਤ ਵਿਚ ਪਨਾਹ ਦੀ ਮੰਗ ਕਰ ਰਹੇ ਹਨ।

Lalita Mam

This news is Content Editor Lalita Mam