ਜਹਾਜ਼ ਦਾ ਸਫਰ ਮਾਂ-ਧੀ ਲਈ ਬਣਿਆ ਆਖਰੀ, ਭਿੱਜੀਆਂ ਅੱਖਾਂ ਨਾਲ ਦਿੱਤੀ ਗਈ ਸ਼ਰਧਾਂਜਲੀ

06/29/2017 3:41:37 PM

ਕੈਨਬਰਾ— ਦੱਖਣੀ ਆਸਟਰੇਲੀਆ ਦੇ ਮਾਊਂਟ ਗੈਂਬੀਅਰ ਇਲਾਕੇ ਦੇ ਨੇੜੇ ਵਾਪਰੇ ਚੈਰਿਟੀ ਜਹਾਜ਼ ਹਾਦਸੇ 'ਚ ਮਾਂ-ਧੀ ਸਮੇਤ ਪਾਇਲਟ ਦੀ ਮੌਤ ਹੋ ਗਈ ਸੀ। ਹਾਦਸੇ 'ਚ ਮਾਰੀਆਂ ਗਈਆਂ ਮਾਂ-ਧੀ ਦੀ ਪਛਾਣ ਹੋ ਗਈ ਹੈ। 43 ਸਾਲਾ ਟਰੇਸੀ ਰੀਡਿੰਗ ਅਤੇ 16 ਸਾਲਾ ਧੀ ਐਮਿਲੀ ਅਤੇ ਅਨੁਭਵੀ ਪਾਇਲਟ ਗਰਾਂਟ ਗਿਲਬਰਟ (78) ਸੋਕਾਟਾ ਟੀ. ਬੀ—10 ਟੋਬੈਗੋ ਦੇ ਜਹਾਜ਼ 'ਚ ਯਾਤਰਾ ਕਰ ਰਹੇ ਸਨ। ਬੁੱਧਵਾਰ ਦੀ ਸਵੇਰ ਨੂੰ ਭਾਵ ਕੱਲ ਜਹਾਜ਼ ਮਾਊਂਟ ਗੈਂਬੀਅਰ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਤਿੰਨੋਂ ਇਸ ਹਾਦਸੇ 'ਚ ਮਾਰੇ ਗਏ। ਭਿੱਜੀਆਂ ਅੱਖਾਂ ਨਾਲ ਤਿੰਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਚੈਰਿਟੀ ਦਾ ਇਹ ਛੋਟਾ ਜਹਾਜ਼ ਐਡੀਲੇਡ ਤੋਂ ਮੈਡੀਕਲ ਇਲਾਜ ਲਈ ਰਵਾਨਾ ਹੋਇਆ ਸੀ। 
ਗਰਾਂਟ ਰੀਡਿੰਗ ਜੋ ਕਿ ਟਰੇਸੀ ਦੇ ਪਤੀ ਹਨ, ਉਨ੍ਹਾਂ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਸਮਾਂ ਇਕੱਠਿਆਂ ਬਤੀਤ ਕੀਤਾ। ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਔਖੇ ਸਮੇਂ 'ਚੋਂ ਲੰਘ ਰਿਹਾ ਹੈ। ਪੁਲਸ, ਐਮਰਜੈਂਸੀ ਸੇਵਾ ਅਧਿਕਾਰੀ, ਗਰਾਂਟ ਹਾਈ ਸਕੂਲ ਦੇ ਸਟਾਫ ਅਤੇ ਹੋਰ ਲੋਕਾਂ ਨੇ ਇਸ ਔਖੇ ਸਮੇਂ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ।