ਸ਼੍ਰੀਲੰਕਾ ਦਾ ਝੰਡਾ ਚੁੱਕਣ ਤੋਂ ਇਨਕਾਰ ਕਰਨ ''ਤੇ ਟੀ. ਐੱਨ. ਏ. ਦੇ ਮੰਤਰੀ ਵਿਰੁੱਧ ਕਾਰਵਾਈ

11/20/2017 5:48:19 PM

ਕੋਲੰਬੋ (ਭਾਸ਼ਾ)— ਟੀ. ਐੱਨ. ਏ. ਉੱਤਰੀ ਸੂਬੇ ਦੇ ਆਪਣੇ ਮੰਤਰੀ ਵਿਰੁੱਧ ਕਾਰਵਾਈ ਕਰੇਗਾ। ਇਸ ਮੰਤਰੀ ਨੇ ਸ਼੍ਰੀਲੰਕਾ ਦਾ ਝੰਡਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ। ਤਾਮਿਲ ਬਹੁਲ ਉੱਤਰੀ ਸੂਬੇ ਦੇ ਸਿੱਖਿਆ ਮੰਤਰੀ ਕਾਂਡੀਆ ਸਰਵੇਸ਼ਵਰਨ ਨੇ ਬੀਤੇ ਹਫਤੇ ਵਾਵੁਨੀਆ ਸ਼ਹਿਰ ਵਿਚ ਹੋਏ ਇਕ ਸਰਕਾਰੀ ਪ੍ਰੋਗਰਾਮ ਵਿਚ ਕੌਮੀ ਝੰਡਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ। ਤਾਮਿਲ ਕੌਮੀ ਅਲਾਇੰਸ ਦੇ ਨੇਤਾ ਆਰ. ਸੰਪਤਨ ਨੇ ਕਿਹਾ,''ਅਸੀਂ ਜਾਂਚ ਕਰਾਂਗੇ ਅਤੇ ਉਚਿਤ ਕਾਰਵਾਈ ਕਰਾਂਗੇ। ਕੌਮੀ ਝੰਡੇ ਦਾ ਅਪਮਾਨ ਕਰਨ ਦਾ ਕੋਈ ਕਾਰਨ ਨਹੀਂ ਹੈ।'' ਸਰਵੇਸ਼ਵਰਨ ਨੇ ਕਿਹਾ ਸੀ ਕਿ ਕੌਮੀ ਝੰਡੇ ਵਿਚ ਸ਼ੇਰ ਬਹੁਗਿਣਤੀ ਸਿੰਹਲੀ ਦੀ ਨੁਮਾਇੰਦਗੀ ਕਰਦਾ ਹੈ ਅਤੇ ਇਸ ਦੀਆਂ ਹੋਰ ਵਿਸ਼ੇਸ਼ਤਾਵਾਂ ਪ੍ਰਾਇਦੀਪ ਦੇ ਤਾਮਿਲ ਘੱਟ ਗਿਣਤੀ ਭਾਈਚਾਰੇ ਨੂੰ ਮਾਨਤਾ ਨਹੀਂ ਦਿੰਦੀਆਂ। ਤਾਮਿਲ ਮੰਤਰੀ ਵੱਲੋਂ ਕੌਮੀ ਝੰਡਾ ਚੁੱਕਣ ਤੋਂ ਇਨਕਾਰ ਕਰਨ ਦਾ ਸਿੰਹਾਲਾ ਰਾਸ਼ਟਰਵਾਦੀਆਂ ਨੇ ਵਿਰੋਧ ਕੀਤਾ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।