...ਤਾਂ ਇਸ ਲਈ ਟਰਨਬੁੱਲ ''ਤੇ ਲੱਗਾ 250 ਡਾਲਰ ਦਾ ਜੁਰਮਾਨਾ

12/29/2017 3:23:34 PM

ਸਿਡਨੀ (ਬਿਊਰੋ)— ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ 'ਤੇ ਲਾਈਫ ਜੈਕਟ ਨਾ ਪਾਉਣ ਕਾਰਨ ਜੁਰਮਾਨਾ ਲਗਾਇਆ ਗਿਆ ਹੈ। ਸ਼ੁੱਕਰਵਾਰ ਨੂੰ ਟਰਨਬੁੱਲ ਸਿਡਨੀ ਹਾਰਬਰ ਸਥਿਤ ਆਪਣੇ ਆਵਾਸ ਨੇੜੇ ਸਮੁੰਦਰ ਵਿਚ ਕਿਸ਼ਤੀ ਦੀ ਸਵਾਰੀ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਲਾਈਫ ਜੈਕਟ ਨਹੀਂ ਪਾਈ ਹੋਈ ਸੀ, ਜਿਸ ਕਾਰਨ ਉਨ੍ਹਾਂ ਨੂੰ ਆਸਟ੍ਰੇਲੀਅਨ ਮੈਰੀਟਾਈਮ ਕਾਨੂੰਨ ਮੁਤਾਬਕ ਜੁਰਮਾਨਾ ਲਗਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦੀ ਇਕ ਤਸਵੀਰ ਵੀ ਵਾਇਰਲ ਹੋ ਗਈ। ਜਿਸ ਵਿਚ ਉਨ੍ਹਾਂ ਨੇ ਟੀ-ਸ਼ਰਟ ਪਾਈ ਹੋਈ ਹੈ। ਜਦਕਿ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਲਾਈਫ ਜੈਕਟ ਪਾਉਣੀ ਚਾਹੀਦੀ ਸੀ।
ਟਰਨਬੁੱਲ ਨੇ ਦਿੱਤੀ ਇਹ ਸਫਾਈ 
ਪ੍ਰਧਾਨ ਮੰਤਰੀ ਟਰਨਬੁੱਲ ਨੇ ਇਸ ਘਟਨਾ 'ਤੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਬੀਚ ਤੋਂ ਸਿਰਫ 20 ਮੀਟਰ ਦੀ ਦੂਰੀ 'ਤੇ ਹੀ ਬੋਟਿੰਗ ਕਰ ਰਹੇ ਸਨ। ਇਸ 'ਤੇ ਨਿਊ ਸਾਊਥ ਵੇਲਜ਼ ਮੈਰੀਟਾਈਮ ਸਰਵਿਸ ਨੇ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਨੂੰ 250 ਆਸਟ੍ਰੇਲੀਅਨ ਡਾਲਰ ਜੁਰਮਾਨੇ ਦਾ ਨੋਟਿਸ ਭੇਜ ਦਿੱਤਾ। ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਜੁਰਮਾਨੇ ਦੀ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਜਾਵੇਗਾ। ਟਰਨਬੁੱਲ ਨੇ ਆਪਣੇ ਫੇਸਬੁੱਕ ਪੋਸਟ 'ਤੇ ਲਿਖਿਆ,''ਕੁਝ ਨਿਯਮ ਕਦੇ-ਕਦੇ ਬਹੁਤ ਮੁਸ਼ਕਲ ਲੱਗਦੇ ਹਨ ਪਰ ਇਹ ਸਾਡੀ ਸੁਰੱਖਿਆ ਲਈ ਹੀ ਹੁੰਦੇ ਹਨ। ਸਾਨੂੰ ਸਾਰਿਆਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਘਟਨਾ ਤੋਂ ਇਹ ਸਿੱਖਿਆ ਮਿਲੀ ਕਿ ਮੈਂ ਹੁਣ ਹਮੇਸ਼ਾ ਲਾਈਫ ਜੈਕਟ ਪਾ ਕੇ ਕਿਸ਼ਤੀ ਵਿਚ ਬੈਠਾਂਗਾ। ਭਾਵੇਂ ਮੈਂ ਬੀਚ ਦੇ ਕਿੰਨਾ ਵੀ ਨੇੜੇ ਕਿਉਂ ਨਾ ਹੋਵਾਂ।''


ਨਿਊ ਸਾਊਥ ਵੇਲਜ਼ ਦੇ ਮੈਰੀਟਾਈਮ ਦੇ ਕਾਰਜਕਾਰੀ ਨਿਦੇਸ਼ਕ ਨੇ ਕਿਹਾ ਕਿ ਇਹ ਇਕ ਤਰ੍ਹਾਂ ਨਾਲ ਨਾਗਰਿਕਾਂ ਲਈ ਰਿਮਾਈਂਡਰ ਸੀ। ਵਰਨਣਯੋਗ ਹੈ ਕਿ 22 ਦਸੰਬਰ ਨੂੰ ਇਕ 73 ਸਾਲਾ ਬਜ਼ੁਰਗ ਅਤੇ ਦੋ ਹੋਰ ਨੂੰ ਸਿਡਨੀ ਦੇ ਸਮੁੰਦਰ ਵਿਚ ਡੁਬੱਦੇ ਹੋਏ ਬਚਾਇਆ ਗਿਆ ਸੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਲਾਈਫ ਜੈਕਟਸ ਨਹੀਂ ਪਾਈਆਂ ਹੋਈਆਂ ਸਨ, ਜਿਸ ਕਾਰਨ ਉਹ ਸਮੁੰਦਰੀ ਲਹਿਰਾਂ ਦੀ ਚਪੇਟ ਵਿਚ ਆ ਗਏ ਸਨ।