ਆਸਟ੍ਰੇਲੀਆ : 24 ਘੰਟਿਆਂ ''ਚ ਵਾਪਰੇ ਕਈ ਸੜਕ ਹਾਦਸੇ, ਹੋਈ 3 ਲੋਕਾਂ ਦੀ ਮੌਤ

04/04/2019 3:00:26 PM

ਵਿਕਟੋਰੀਆ, (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ 24 ਘੰਟਿਆਂ ਦੌਰਾਨ ਸੜਕ ਹਾਦਸਿਆਂ 'ਚ 3 ਲੋਕਾਂ ਦੀ ਮੌਤ ਹੋ ਗਈ। ਇਸ ਮਗਰੋਂ ਪੁਲਸ ਨੇ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਵਧੇਰੇ ਧਿਆਨ ਰੱਖਣ ਦੀ ਅਪੀਲ ਕੀਤੀ। ਅਸਿਸਟੈਂਟ ਕਮਿਸ਼ਨਰ ਨੈਵਿਲ ਟਾਇਲਰ ਨੇ ਕਿਹਾ ਕਿ ਸੇਵੀਲ ਨਾਰਥ 'ਚ ਸਵੇਰੇ ਦੋ ਵਾਹਨਾਂ ਦੀ ਟੱਕਰ ਹੋਈ। ਐਮਰਜੈਂਸੀ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 5.15 ਵਜੇ ਫੋਨ 'ਤੇ ਜਾਣਕਾਰੀ ਦਿੱਤੀ ਗਈ ਕਿ ਇੱਥੇ ਕਈ ਵਾਹਨਾਂ ਦੀ ਟੱਕਰ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਦੋ ਕਾਰਾਂ ਦੀ ਟੱਕਰ ਹੋਣ ਮਗਰੋਂ ਇਕ ਹੋਰ ਕਾਰ ਤੇਜ਼ੀ ਨਾਲ ਆਈ ਅਤੇ ਇਹ ਖੜ੍ਹੇ ਵਾਹਨਾਂ ਨਾਲ ਟਕਰਾ ਗਈ। ਇਕ ਵਾਹਨ 'ਚ ਸਵਾਰ ਇਕ ਡਰਾਈਵਰ ਦੀ ਮੌਤ ਮੌਕੇ 'ਤੇ ਹੀ ਹੋ ਗਈ ਅਤੇ ਬਾਕੀ ਦੋ ਵਿਅਕਤੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੜਕ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਇਆ ਹੋਵੇਗਾ। ਸੜਕ ਖੂਨ ਨਾਲ ਭਰੀ ਹੋਈ ਸੀ ਅਤੇ ਇਸ ਦੇ ਨਾਲ ਹੀ ਵਾਹਨਾਂ ਦੇ ਹਿੱਸੇ ਟੁੱਟ ਕੇ ਦੂਰ ਤਕ ਡਿਗੇ ਹੋਏ ਸਨ।

ਇਸ ਤੋਂ ਇਲਾਵਾ ਮੋਂਟ ਅਲਬਰਟ ਰੋਡ 'ਤੇ ਇਕ ਹੋਰ ਹਾਦਸਾ ਵਾਪਰਿਆ, ਜਿਸ 'ਚ ਮੋਟਰ ਸਾਈਕਲ ਸਵਾਰ 20 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਤੇ ਕਾਰ ਸਵਾਰ ਦਾ ਬਚਾਅ ਹੋ ਗਿਆ। ਬੀਤੇ ਦਿਨੀਂ ਵਾਪਰੇ ਹਾਦਸੇ 'ਚ ਇਕ ਹੋਰ ਜ਼ਖਮੀ ਵਿਅਕਤੀ ਨੇ ਅੱਜ ਹਸਪਤਾਲ 'ਚ ਦਮ ਤੋੜ ਦਿੱਤਾ।

19 ਸਾਲਾ ਇਕ ਹੋਰ ਲੜਕੀ ਹਾਦਸੇ ਦੌਰਾਨ ਬਚ ਗਈ ,ਜਿਸ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕੁਝ ਥਾਵਾਂ 'ਤੇ ਹਾਦਸੇ ਵਾਪਰੇ ਤੇ ਲੋਕਾਂ ਦੇ ਹਲਕੀਆਂ ਸੱਟਾਂ ਲੱਗੀਆਂ। ਪੁਲਸ ਨੇ ਕਿਹਾ ਪਿਛਲੇ ਸਾਲ ਨਾਲੋਂ ਵਧੇਰੇ ਮੌਤਾਂ ਇਸ ਸਾਲ ਸੜਕ ਹਾਦਸਿਆਂ 'ਚ ਹੋਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘੱਟ ਸਪੀਡ 'ਤੇ ਵਾਹਨ ਚਲਾਉਣ ਤਾਂ ਕਿ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।