ਬ੍ਰਿਸਬੇਨ ''ਚ ਭਾਰਤੀ ਵਪਾਰੀ ਦਾ ਕਤਲ ਮਾਮਲਾ, ਸੂਚਨਾ ਦੇਣ ਵਾਲੇ ਨੂੰ ਮਿਲੇਗਾ ਵੱਡਾ ਇਨਾਮ

04/04/2018 11:51:47 AM

ਬ੍ਰਿਸਬੇਨ— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ ਬੀਤੇ ਸਾਲ ਭਾਰਤੀ ਮੂਲ ਦੇ ਇਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਕੀਤੇ ਗਏ ਵਿਅਕਤੀ ਦਾ ਨਾਂ ਅਬਦੁੱਲ ਬਾਸੀਥ ਮਹਿਮੂਦ ਸੀ, ਜੋ ਕਿ ਬ੍ਰਿਸਬੇਨ ਵਿਚ ਬਿਜ਼ਨੈੱਸਮੈਨ ਸੀ। ਅਬੁਦੱਲ 'ਤੇ 25 ਅਕਤੂਬਰ 2017 ਨੂੰ ਬ੍ਰਿਸਬੇਨ ਸਥਿਤ ਘਰ 'ਚ ਉਸ ਸਮੇਂ ਚਾਕੂ ਨਾਲ ਵਾਰ ਕੀਤੇ ਗਏ ਸਨ, ਜਦੋਂ ਉਹ ਆਪਣੇ ਪਰਿਵਾਰ ਨਾਲ ਘਰ ਦੇ ਵਿਹੜੇ ਵਿਚ ਸੁੱਤਾ ਹੋਇਆ ਸੀ। ਇਸ ਹਮਲੇ ਤੋਂ ਥੋੜ੍ਹੀ ਹੀ ਦੇਰ ਬਾਅਦ ਅਬਦੁੱਲ ਦੀ ਮੌਤ ਹੋ ਗਈ। 
ਅਬਦੁੱਲ ਦੀ ਮੌਤ ਦੇ 6 ਮਹੀਨੇ ਬੀਤਣ ਤੋਂ ਬਾਅਦ ਉਸ ਦੇ ਕਤਲ ਦੀ ਗੁੱਥੀ ਸੁਲਝ ਨਹੀਂ ਸਕੀ ਅਤੇ ਕੁਈਨਜ਼ਲੈਂਡ ਪੁਲਸ ਨੇ ਅਬਦੁੱਲ ਦੇ ਕਤਲ ਲਈ ਜ਼ਿੰਮੇਵਾਰ ਵਿਅਕਤੀ ਬਾਰੇ ਜਾਣਕਾਰੀ ਦੇਣ ਵਾਲੇ ਲਈ 250,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਇਸ ਇਨਾਮ ਦੇ ਐਲਾਨ ਨਾਲ ਸਾਡੇ ਨਾਲ ਕੋਈ ਤਾਂ ਸੰਪਰਕ ਵਿਚ ਆਵੇਗਾ ਅਤੇ ਜਾਣਕਾਰੀ ਦੇਵੇਗਾ। ਅਬਦੁੱਲ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ।
ਦੱਸਣਯੋਗ ਹੈ ਕਿ ਅਬਦੁੱਲ ਦਾ ਬ੍ਰਿਸਬੇਨ ਵਿਚ 'ਇੰਡੀਅਨ ਐਂਡ ਮਿਡਲ ਈਸਟਰਨ ਰੈਸਟੋਰੈਂਟ' ਸੀ ਅਤੇ ਉਹ ਇਕ ਹੋਰ ਰੈਸਟੋਰੈਂਟ ਸ਼ੁਰੂ ਕਰਨ ਵਾਲੇ ਸਨ, ਇਸ ਲਈ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨਾਲ ਵਿੱਤੀ ਲੈਣ-ਦੇਣ ਕੀਤਾ ਸੀ।