ਗ੍ਰੇਟ ਬੈਰੀਅਰ ਰੀਫ ਨੂੰ ਬਚਾਉਣ ਲਈ ਆਸਟ੍ਰੇਲੀਅਨ ਸਰਕਾਰ ਨੇ ਚੁੱਕਿਆ ਖਾਸ ਕਦਮ

01/16/2018 1:00:32 PM

ਸਿਡਨੀ (ਭਾਸ਼ਾ)— ਆਸਟ੍ਰੇਲੀਆ ਨੇ ਦੁਨੀਆ ਦੇ ਸੀਨੀਅਰ ਵਿਗਿਆਨੀਆਂ ਨੂੰ ਗ੍ਰੇਟ ਬੈਰੀਅਰ ਰੀਫ ਨੂੰ ਬਚਾਉਣ ਲਈ ਮਦਦ ਦੀ ਅਪੀਲ ਕੀਤੀ ਹੈ। ਇਹ ਦੇਸ਼ 'ਦੁਨੀਆ ਦੀ ਸਭ ਤੋਂ ਵੱਡੀ ਮੂੰਗੇ ਦੀ ਕੰਧ' ਨੂੰ ਬਚਾਉਣ ਲਈ ਇਸ ਖੇਤਰ ਵਿਚ ਖੋਜ 'ਤੇ ਲੱਖਾਂ ਡਾਲਰ ਖਰਚ ਕਰਨ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਰੀਫ ਯੂਨੇਸਕੋ ਦੀ ਵਿਸ਼ਵ ਵਿਰਾਸਤ ਦੀ ਸੂਚੀ ਵਿਚ ਸ਼ਾਮਲ ਹੈ। ਜਲਵਾਯੂ ਪਰਿਵਰਤਨ ਕਾਰਨ ਸਮੁੰਦਰ ਦਾ ਤਾਪਮਾਨ ਵੱਧ ਰਿਹਾ ਹੈ ਅਤੇ ਇਸ ਕਾਰਨ ਮੂੰਗੇ ਦੇ ਰੰਗ ਵਿਚ ਤਬਦੀਲੀ ਹੋ ਰਹੀ ਹੈ। ਇਸ 2,300 ਕਿਲੋਮੀਟਰ ਲੰਬੇ ਢਾਂਚੇ ਦੀ ਹੋਂਦ ਖੇਤੀਬਾੜੀ ਪ੍ਰਦੂਸ਼ਕ ਪਦਾਰਥਾਂ ਅਤੇ ਕਈ ਤਰ੍ਹਾਂ ਦੇ ਵਿਕਾਸ ਕੰਮਾਂ ਕਾਰਨ ਖਤਰੇ ਵਿਚ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਰਨਾਂ ਕਾਰਨ ਢਾਂਚੇ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ। 
ਆਸਟ੍ਰੇਲੀਅਨ ਸਰਕਾਰ ਨੇ ਇਸ ਮੂੰਗੇ ਦੀ ਚੱਟਾਨ ਨੂੰ ਬਚਾਉਣ ਲਈ 16 ਲੱਖ ਅਮਰੀਕੀ ਡਾਲਰ ਦਾ ਫੰਡ ਬਣਾਉਣ ਦਾ ਐਲਾਨ ਕੀਤਾ ਹੈ। ਇਹ ਫੰਡ ਇਸ ਚੱਟਾਨ ਨੂੰ ਬਚਾਉਣ ਦੇ ਉਦੇਸ਼ ਨਾਲ ਹੋਣ ਵਾਲੀ ਵਿਗਿਆਨੀ ਖੋਜ 'ਤੇ ਖਰਚ ਕੀਤਾ ਜਾਵੇਗਾ। ਵਾਤਾਵਰਣ ਮੰਤਰੀ ਜੋਸ਼ ਫ੍ਰੀਡਨਬਰਗ ਨੇ ਕਿਹਾ,''ਇਹ ਸਮੱਸਿਆ ਬਹੁਤ ਵੱਡੀ ਹੈ ਅਤੇ ਇਸ ਲਈ ਵੱਡੇ ਵਿਚਾਰਾਂ ਦੀ ਲੋੜ ਹੈ।'' ਸਰਕਾਰ ਨੇ ਦੱਸਿਆ ਹੈ ਕਿ ਇਸ ਪੜਾਅ ਵਿਚ ਖੋਜ ਦੇ ਇਕ ਤੋਂ ਜ਼ਿਆਦਾ ਪ੍ਰਸਤਾਵ ਸਵੀਕਾਰ ਕੀਤੇ ਜਾ ਸਕਦੇ ਹਨ।