ਮੈਲਬੌਰਨ ਦੇ ਇਕ ਪਾਰਲਰ ''ਚ ਗੋਲੀਬਾਰੀ, 1 ਦੀ ਹਾਲਤ ਗੰਭੀਰ

02/22/2018 12:29:02 PM

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਸ਼ਹਿਰ ਮੈਲਬੌਰਨ ਦੇ ਇਕ ਟੈਟੂ ਪਾਰਲਰ ਅੰਦਰ ਦੋ ਵਿਅਕਤੀਆਂ ਵਿਚਕਾਰ ਲੜਾਈ ਹੋ ਗਈ। ਇਸ ਦੌਰਾਨ ਇਕ ਵਿਅਕਤੀ ਨੇ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਹੈਮਪਟਨ ਪਾਰਕ ਵਿਚ ਫੋਰਡਹੋਲਮ ਰੋਡ 'ਤੇ ਸਥਿਤ ਪਾਰਲਰ ਅੰਦਰ ਗੋਲੀਬਾਰੀ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਦੀ ਉਮਰ 30 ਸਾਲ ਸੀ। ਉਸ ਨੂੰ ਤੁਰੰਤ ਐਲਫਰੈਡ ਹਸਪਤਾਲ ਲਿਜਾਇਆ ਗਿਆ। ਗੋਲੀਬਾਰੀ ਦੌਰਾਨ ਪੀੜਤ ਵਿਅਕਤੀ ਦੇ ਸਰੀਰ ਦੇ ਉੱਪਰੀ ਹਿੱਸੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਹੁਣ ਉਸ ਦੀ ਹਾਲਤ ਸਥਿਰ ਹੈ। 


ਗੋਲੀਬਾਰੀ ਕਰਨ ਵਾਲਾ ਵਿਅਕਤੀ ਮੌਕੇ ਤੋਂ ਭੱਜ ਗਿਆ ਸੀ। ਪੁਲਸ ਉਸ ਦੀ ਤਲਾਸ਼ ਵਿਚ ਜੁੱਟ ਗਈ ਹੈ। ਖੋਜੀ ਦਲ ਹੈਮਪਟਨ ਪਾਰਕ ਵਿਚ ਰੋਬਜੇਂਟ ਸਟ੍ਰੀਟ 'ਤੇ ਮਿਲੀ ਇਕ ਸੜੀ ਹੋਈ ਗੱਡੀ ਦੀ ਜਾਂਚ ਕਰ ਰਹੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਗੋਲੀਬਾਰੀ ਕਰਨ ਵਾਲੇ ਵਿਅਕਤੀ ਨੇ ਇਸ ਕਾਰ ਦੀ ਵਰਤੋਂ ਕੀਤੀ ਸੀ।

ਗੋਲੀਬਾਰੀ ਦੇ ਕੁਝ ਦੇਰ ਬਾਅਦ ਨੇੜੇ ਸਥਿਤ ਡਾਈਨਰ ਦੇ ਇਕ ਵਰਕਰ ਨੇ ਪੱਤਰਕਾਰਾਂ ਨੂੰ ਇਸ ਘਟਨਾ ਸੰਬੰਧੀ ਥੋੜ੍ਹੀ ਜਾਣਕਾਰੀ ਦਿੱਤੀ। ਪੁਲਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।