ਪੰਜ ਸਾਲ ਪੁਰਾਣੇ ਰਿਸ਼ਤੇ ਨੂੰ ਪਤਨੀ ਨੇ ਕੀਤਾ ਤਾਰ-ਤਾਰ, ਗੁੱਸੇ ''ਚ ਆਏ ਪਤੀ ਨੇ ਚੁੱਕਿਆ ਖੌਫਨਾਕ ਕਦਮ

02/19/2017 9:32:57 AM

ਸਿਡਨੀ— ਸ਼ਹਿਰ ਦੇ ਪੱਛਮੀ ਇਲਾਕੇ ''ਚ ਪਤੀ-ਪਤਨੀ ਵਿਚਾਲੇ ਹੋਏ ਝਗੜੇ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਪਤੀ ਨੇ ਚਾਕੂ ਨਾਲ ਵਾਰ ਕਰਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਮੂਲ ਰੂਪ ''ਚ ਬੰਗਲਾਦੇਸ਼ ਦਾ ਰਹਿਣ ਵਾਲਾ ਸੀ ਅਤੇ ਉਸ ਦਾ ਨਾਂ ਸ਼ਹਾਬ ਅਹਿਮਦ (33) ਸੀ। ਉੁਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਪੈਰਾਮਾਟਾ ਕਸਬੇ ਦੀ ਕੈਂਪਬੈੱਲ ਸਟਰੀਟ ''ਤੇ ਵਾਪਰੀ ਅਤੇ ਸ਼ਹਾਬ ਨੇ ਆਪਣੀ ਪਤਨੀ ਦੀ ਛਾਤੀ ''ਤੇ ਚਾਕੂ ਮਾਰਿਆ। ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤੀਂ 9.50 ਵਜੇ ਇਸ ਬਾਰੇ ਸੂਚਨਾ ਮਿਲੀ। ਇਸ ਪਿੱਛੋਂ ਉਹ ਅਤੇ ਡਾਕਟਰੀ ਟੀਮ ਤੁਰੰਤ ਉਕਤ ਘਰ ''ਚ ਪਹੁੰਚੀ। ਇਸ ਸਮੇਂ ਤੱਕ ਸ਼ਹਾਬ ਦੀ ਪਤਨੀ ਦੀ ਹਾਲਤ ਕਾਫੀ ਗੰਭੀਰ ਸੀ। ਉਸ ਨੂੰ ਵੈਸਟਮੀਡ ਹਸਪਤਾਲ ''ਚ ਭਰਤੀ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਇਸ ਮਾਮਲੇ ਦੇ ਸੰਬੰਧ ''ਚ ਸ਼ਹਾਬ ਨੂੰ ਹਿਰਾਸਤ ''ਚ ਲੈ ਲਿਆ ਹੈ ਅਤੇ ਉਸ ਦੇ ਵਿਰੁੱਧ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਉੱਥੇ ਹੀ ਸ਼ਹਾਬ ਦੇ ਵਕੀਲ ਜ਼ਮਾਰਾਈ ਕੈਟੀਜ਼ ਦਾ ਕਹਿਣਾ ਹੈ ਕਿ ਦੋਹਾਂ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ। ਉਸ ਨੇ ਦੱਸਿਆ ਕਿ ਸ਼ਹਾਬ ਦੀ ਪਤਨੀ ਦੇ ਕਿਸੇ ਹੋਰ ਨਾਲ ਵੀ ਸੰਬੰਧ ਸਨ ਅਤੇ ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਬਰਦਾਸ਼ਤ ਨਹੀਂ ਕਰ ਸਕਿਆ। ਇਸ ਕਾਰਨ ਉਹ ਅਜਿਹਾ ਕਦਮ ਚੁੱਕਣ ਲਈ ਮਜਬੂਰ ਹੋਇਆ।