ਇਟਲੀ ਤੋਂ UK ਨੂੰ ਚਿੱਠੀ- ''ਜਿੱਥੇ ਅਸੀਂ ਅੱਜ ਕੱਲ ਤੁਸੀਂ ਹੋਵੋਗੇ'', ਪੜ੍ਹ ਕੇ ਆ ਜਾਵੇਗਾ ਰੋਣਾ

03/30/2020 8:28:39 AM

ਰੋਮ : ਇਟਲੀ ਵਿਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਲੋਕ ਘਰਾਂ ਵਿਚ ਬੰਦ ਹਨ, ਯਾਨੀ ਪੂਰਾ ਲਾਕਡਾਊਨ ਹੈ ਅਤੇ ਇੱਥੇ ਹਾਲਾਤ ਕਦੋਂ ਠੀਕ ਹੋਣਗੇ, ਇਸ ਦਾ ਕੋਈ ਅੰਦਾਜ਼ਾ ਨਹੀਂ। ਇਸ ਵਿਚਕਾਰ ਰੋਮ ਦੀ ਇਕ ਪ੍ਰਸਿੱਧ ਇਟਾਲੀਅਨ ਨਾਵਲਕਾਰ ਫ੍ਰਾਂਸੈਸਕਾ ਮੇਲੈਂਡਰੀ ਨੇ ਇਕ ਅਖਬਾਰ ਵਿਚ ਆਰਟੀਕਲ ਰਾਹੀਂ ਇਟਲੀ ਵਰਗੇ ਮੌਜੂਦਾ ਹਾਲਾਤ ਨੂੰ ਲੈ ਕੇ ਆਪਣੇ ਸਾਥੀ ਯੂ. ਕੇ. ਦੇ ਲੋਕਾਂ ਨੂੰ ਇਕ ਚਿਤਾਵਨੀ ਤੇ ਭਾਵੁਕ ਪੱਤਰ ਲਿਖਿਆ ਹੈ, ਜਿਨ੍ਹਾਂ ਵਿਚੋਂ ਉਨ੍ਹਾਂ ਨੂੰ ਵੀ ਆਉਣ ਵਾਲੇ ਹਫਤਿਆਂ ਵਿਚ ਲੰਘਣਾ ਪੈ ਸਕਦਾ ਹੈ, ਯਾਨੀ ਯੂ. ਕੇ. ਵਿਚ ਹਾਲਾਤ ਬੇਕਾਬੂ ਹੋ ਸਕਦੇ ਹਨ।

'ਇਟਲੀ ਤੋਂ ਯੂ. ਕੇ. ਨੂੰ ਇਕ ਪੱਤਰ' ਨਾਂ ਦੇ ਸਿਰਲੇਖ ਵਾਲੇ ਆਰਟੀਕਲ ਵਿਚ ਉਨ੍ਹਾਂ ਲਿਖਿਆ, ''ਮੈਂ ਤੁਹਾਨੂੰ ਇਟਲੀ ਤੋਂ ਲਿਖ ਰਹੀ ਹਾਂ, ਜਿਸ ਦਾ ਅਰਥ ਹੈ ਕਿ ਮੈਂ ਤੁਹਾਡੇ ਭਵਿੱਖ ਤੋਂ ਲਿਖ ਰਹੀ ਹਾਂ। ਜਿੱਥੇ ਅਸੀਂ ਅੱਜ ਹਾਂ, ਆਉਣ ਵਾਲੇ ਕੁਝ ਦਿਨਾਂ ਵਿਚ ਤੁਸੀਂ ਉੱਥੇ ਹੋਵੋਗੇ। ਅਸੀਂ ਸਮੇਂ ਦੇ ਹਿਸਾਬ ਨਾਲ ਤੁਹਾਡੇ ਕੋਲੋਂ ਕੁਝ ਕਦਮ ਹੀ ਅੱਗੇ ਹਾਂ, ਠੀਕ ਓਸੇ ਤਰ੍ਹਾਂ ਜਿਵੇਂ ਵੁਹਾਨ ਸਾਡੇ ਤੋਂ ਕੁਝ ਹਫਤੇ ਪਹਿਲਾਂ ਸੀ। ਅਸੀਂ ਦੇਖ ਰਹੇ ਹਾਂ ਕਿ ਤੁਸੀਂ ਵੀ ਓਹੀ ਕਰ ਰਹੇ ਹੋ ਜੋ ਥੋੜ੍ਹੇ ਸਮੇਂ ਪਹਿਲਾਂ ਅਸੀਂ ਕੀਤਾ। ਓਹੀ ਦਲੀਲਾਂ ਹਨ ਕਿ ਇਹ ਸਿਰਫ ਇਕ ਫਲੂ ਹੈ, ਸਾਰੇ ਕਿਉਂ ਘਬਰਾਈਏ ਅਤੇ ਕੁਝ ਉਹ ਵੀ ਹਨ ਜੋ ਪਹਿਲਾਂ ਹੀ ਸਮਝ ਗਏ ਹਨ।"

ਤੁਸੀਂ ਕਹੋਗੇ ਕਿ ਲੋਕਤੰਤਰ ਦਾ ਕੀ ਹੋ ਰਿਹਾ ਹੈ
ਉਨ੍ਹਾਂ ਅੱਗੇ ਲਿਖਿਆ ਕਿ ਜਲਦ ਹੀ ਉਹ ਸਮਾਂ ਆਉਂਦਾ ਦਿਸ ਰਿਹਾ ਹੈ, ਜਦੋਂ ਤੁਸੀਂ ਖੁਦ ਨੂੰ ਘਰ ਵਿਚ ਹੀ ਬੰਦ ਰੱਖੋਗੇ ਤੇ ਸਮਾਂ ਬੀਤਾਉਣ ਲਈ ਦਰਜਨਾਂ ਸੋਸ਼ਲ ਨੈੱਟਵਰਕਿੰਗ ਗਰੁੱਪਾਂ ਨਾਲ ਜੁੜੋਗੇ ਪਰ ਜਲਦ ਹੀ ਤੁਸੀਂ ਇਨ੍ਹਾਂ ਤੋਂ ਵੀ ਅੱਕ ਜਾਓਗੇ। ਤੁਸੀਂ ਕੋਈ ਕਿਤਾਬ ਪੜ੍ਹਨ ਲਈ ਚੁੱਕੋਗੇ ਪਰ ਅਸਲ ਵਿਚ ਤੁਹਾਡਾ ਮਨ ਇਸ ਨੂੰ ਪੜ੍ਹਨ ਲਈ ਨਹੀਂ ਕਰ ਰਿਹਾ ਹੋਵੇਗਾ। ਤੁਹਾਡੀ ਨੀਂਦ ਵੀ ਚੰਗੀ ਤਰ੍ਹਾਂ ਨਹੀਂ ਪੂਰੀ ਹੋਵੇਗੀ ਅਤੇ ਤੁਸੀਂ ਆਪਣੇ ਆਪ ਤੋਂ ਪੁੱਛੋਗੇ ਕਿ ਲੋਕਤੰਤਰ ਦਾ ਕੀ ਹੋ ਰਿਹਾ ਹੈ। ਤੁਸੀਂ ਆਪਣੇ ਬੱਚਿਆਂ ਨੂੰ ਯਾਦ ਕਰੋਗੇ ਜਿਵੇਂ ਤੁਸੀਂ ਪਹਿਲਾਂ ਕਦੇ ਨਹੀਂ ਕੀਤਾ ਅਤੇ ਤੁਹਾਨੂੰ ਇਹ ਨਹੀਂ ਪਤਾ ਹੋਵੇਗਾ ਤੁਸੀਂ ਫਿਰ ਉਨ੍ਹਾਂ ਨੂੰ ਕਦੋਂ ਵੇਖੋਗੇ। ਤੁਸੀਂ ਉਨ੍ਹਾਂ ਲੋਕਾਂ ਨੂੰ ਵੀ ਕਾਲ ਕਰੋਗੇ ਜਿਨ੍ਹਾਂ ਨਾਲ ਤੁਸੀਂ ਕਦੇ ਦੁਬਾਰਾ ਗੱਲ ਨਾ ਕਰਨ ਦੀ ਸਹੁੰ ਖਾਧੀ ਸੀ, ਤਾਂ ਜੋ ਉਨ੍ਹਾਂ ਨੂੰ ਇਹ ਪੁੱਛ ਸਕੋ, "ਤੁਸੀਂ ਕਿਵੇਂ ਹੋ?"


ਇਟਾਲੀਅਨ ਨਾਵਲਕਾਰ ਫ੍ਰਾਂਸੈਸਕਾ ਮੇਲੈਂਡਰੀ ਨੇ ਲਿਖਿਆ ਕਿ ਸੁੰਨਸਾਨ ਗਲੀਆਂ ਵਿਚ ਖਰੀਦਦਾਰੀ ਕਰਨ ਜਾਂਦੇ ਸਮੇਂ ਤੁਸੀਂ ਘਬਰਾਓਗੇ, ਖਾਸਕਰ ਜੇਕਰ ਤੁਸੀਂ ਇਕ ਮਹਿਲਾ ਹੋ। ਤੁਸੀਂ ਖੁਦ ਤੋਂ ਪੁੱਛੋਗੇ ਕਿ ਕੀ ਇਹ ਓਹੀ ਗਲੀਆਂ ਜਾਂ ਬਾਜ਼ਾਰ ਹਨ, ਜੋ ਖਤਮ ਹੋ ਗਏ। ਇਹ ਇੰਨੀ ਜਲਦੀ ਕਿਵੇਂ ਹੋ ਸਕਦਾ ਹੈ? ਤੁਹਾਡਾ ਦਿਮਾਗ ਇਨ੍ਹਾਂ ਸਭ ਸਵਾਲਾਂ ਨਾਲ ਬਲਾਕ ਹੋ ਜਾਵੇਗਾ। ਫ੍ਰਾਂਸੈਸਕਾ ਮੇਲੈਂਡਰੀ ਨੇ ਇਟਲੀ ਤੋਂ ਖੁਦ ਦੇ ਤਜਰਬੇ ਸਾਂਝੇ ਕੀਤੇ ਹਨ।  ਉਨ੍ਹਾਂ ਨੂੰ ਡਰ ਹੈ ਕਿ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਅਤੇ ਆਉਣ ਵਾਲਾ ਸਮਾਂ ਉਨ੍ਹਾਂ ਲਈ ਵੀ ਭਿਆਨਕ ਹੋਵੇਗਾ।


 

Sanjeev

This news is Content Editor Sanjeev