ਉੱਤਰੀ ਇਲਾਕੇ ਦੇ ਐਲਿਸ ਸਪਰਿੰਗ ਸ਼ਹਿਰ ''ਚੋਂ ਮਿਲੀ ਜਰਮਨ ਸੈਲਾਨੀ ਦੀ ਲਾਸ਼, ਪਤਨੀ ਸਮੇਤ ਹੋ ਗਿਆ ਸੀ ਲਾਪਤਾ

02/13/2017 6:33:39 PM

ਐਲਿਸ ਸਪਰਿੰਗ— ਆਸਟਰੇਲੀਆ ਦੇ ਉੱਤਰੀ ਇਲਾਕੇ ਦੀ ਪੁਲਸ ਨੇ ਸੋਮਵਾਰ ਨੂੰ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਉਸ ਨੇ ਇਹ ਲਾਸ਼ ਇਲਾਕੇ ਦੇ ਦੂਰ-ਦੁਰਾਡੇ ਸ਼ਹਿਰ ਐਲਿਸ ਸਪਰਿੰਗ ਦੇ ਨਜ਼ਦੀਕ ਬਰਾਮਦ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਲਾਸ਼ ਉਸੇ ਸੈਲਾਨੀ ਦੀ ਹੈ, ਜਿਹੜਾ ਪਿਛਲੇ ਦਿਨੀਂ ਆਪਣੀ ਪਤਨੀ ਸਮੇਤ ਲਾਪਤਾ ਹੋ ਗਿਆ ਸੀ। ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਅਜੇ ਵੀ ਇਸ ਸੈਲਾਨੀ ਦੀ ਪਤਨੀ ਦੀ ਚਿੰਤਾ ਹੈ, ਕਿਉਂਕਿ ਇਹ ਇਲਾਕਾ ਰਿਹਾਇਸ਼ੀ ਖੇਤਰ ਤੋਂ ਕਾਫੀ ਦੂਰ ਹੈ ਅਤੇ ਇਸ ਸਮੇਂ ਇੱਥੇ ਕਾਫੀ ਭਿਆਨਕ ਗਰਮੀ ਪੈ ਰਹੀ ਹੈ। ਦੱਸ ਦਈਏ ਕਿ ਵਿਲਫਰਡ ਥੋਰ (76) ਅਤੇ ਉਸ ਦੀ ਪਤਨੀ ਗਿਸੇਲਾ ਥੋਰ (73) ਫਰਵਰੀ ਮਹੀਨੇ ਦੀ ਸ਼ੁਰੂਆਤ ''ਚ ਆਸਟਰੇਲੀਆ ਘੁੰਮਣ ਆਏ ਸਨ। ਦੇਸ਼ ਦੇ ਐਲਿਸ ਸਪਰਿੰਗ ਇਲਾਕੇ ''ਚ ਘੁੰਮਣ ਲਈ ਬੀਤੀ 9 ਫਰਵਰੀ ਨੂੰ ਉਨ੍ਹਾਂ ਨੇ ਇੱਕ ਟੈਕਸੀ ਕਿਰਾਏ ''ਤੇ ਲਈ ਸੀ। ਇਸ ਦੌਰਾਨ ਉਹ ਦੋਵੇਂ ਲਾਪਤਾ ਹੋ ਗਏ। ਉਨ੍ਹਾਂ ਦੀ ਕਾਰ ਲਵਾਰਸ ਹਾਲਤ ਸ਼ਹਿਰ ਦੇ ਉੱਤਰ-ਪੂਰਬੀ ਇਲਾਕੇ ''ਚੋਂ ਮਿਲੀ।