ਆਸਟ੍ਰੇਲੀਆ ''ਚ ਜੰਗਲੀ ਝਾੜੀਆਂ ''ਚ ਲੱਗੀ ਅੱਗ, ਐਲਰਟ ਜਾਰੀ

03/18/2018 1:15:03 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਦੱਖਣੀ-ਪੂਰਬੀ ਇਲਾਕੇ ਵਿਚ ਜੰਗਲੀ ਝਾੜੀਆਂ ਵਿਚ ਲੱਗੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਇਸ ਅੱਗ ਕਾਰਨ ਐਤਵਾਰ ਨੂੰ ਕਈ ਘਰ ਨਸ਼ਟ ਹੋ ਗਏ, ਕਈ ਪਸ਼ੂ ਮਾਰੇ ਗਏ ਅਤੇ ਹਜ਼ਾਰਾਂ ਲੋਕ ਆਪਣਾ ਘਰ ਛੱਡਣ ਲਈ ਮਜ਼ਬੂਰ ਹੋ ਗਏ ਹਨ। ਇਸ ਇਲਾਕੇ ਵਿਚ ਖੁਸ਼ਕ ਅਤੇ ਗਰਮ ਹਵਾਵਾਂ ਚੱਲ ਰਹੀਆਂ ਹਨ। ਐਤਵਾਰ ਦੁਪਹਿਰ ਤੱਕ ਕਿਸੇ ਦੇ ਮਰਨ ਜਾਂ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੀ ਖਬਰ ਨਹੀਂ ਸੀ। ਐਮਰਜੈਂਸੀ ਪ੍ਰਬੰਧਕ ਕਮਿਸ਼ਨਰ ਕ੍ਰੇਗ ਲਾਪਸਲੀ ਨੇ ਕਿਹਾ,''ਅਸੀਂ ਮੌਸਮ 'ਤੇ ਨਜ਼ਰ ਰੱਖ ਰਹੇ ਹਾਂ। ਜਾਣਕਾਰੀ ਮੁਤਾਬਕ ਸਾਨੂੰ 30 ਤੋਂ 40 ਦਿਨ ਤੱਕ ਬਿਨਾ ਮੀਂਹ ਦੇ ਰਹਿਣਾ ਪੈ ਸਕਦਾ ਹੈ।'' ਲੱਗਭਗ 280 ਫਾਇਰ ਫਾਈਟਰਜ਼ ਅਧਿਕਾਰੀ ਜੰਗਲੀ ਅੱਗ ਨਾਲ ਜੂਝ ਰਹੇ ਹਨ ਜਦਕਿ 22,000 ਘਰਾਂ ਵਿਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਤੇਜ਼ ਹਵਾਵਾਂ ਚੱਲਣ ਕਾਰਨ ਰੁੱਖ ਟੁੱਟ ਗਏ ਹਨ। ਲੈਪਸੀ ਮੁਤਾਬਕ ਡਾਰਵਿਨ ਸ਼ਹਿਰ ਦੇ ਉੱਤਰੀ ਹਿੱਸੇ ਵਿਚ ਇਕ ਦਰਜਨ ਦੇ ਲੱਗਭਗ ਘਰ ਨਸ਼ਟ ਹੋ ਚੁੱਕੇ ਹਨ। ਵਿਕਟੋਰੀਆ ਦੀਆਂ ਕੁਝ ਸੜਕਾਂ ਐਤਵਾਰ ਨੂੰ ਬੰਦ ਰਹੀਆਂ ਅਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਐਤਵਾਰ ਸ਼ਾਮ ਤੱਕ ਹਵਾਵਾਂ ਦੀ ਗਤੀ ਘੱਟ ਹੋਣ ਦੀ ਉਮੀਦ ਹੈ। ਬਿਊਰੋ ਨੇ ਐਤਵਾਰ ਨੂੰ ਵਿਕਟੋਰੀਆ, ਆਸਟ੍ਰੇਲੀਆ ਦੇ ਰਾਜਧਾਨੀ ਖੇਤਰਾਂ ਅਤੇ ਪੂਰਬੀ-ਦੱਖਣੀ ਰਾਜ ਨਿਊ ਸਾਊਥ ਵੇਲਜ਼ ਵਿਚ ਮੌਸਮ ਸੰਬੰਧੀ ਚਿਤਾਵਨੀ ਜਾਰੀ ਕੀਤੀ ਸੀ। ਐਤਵਾਰ ਨੂੰ ਤਾਪਮਾਨ 41 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਸੀ। ਆਸਟ੍ਰੇਲੀਆ ਵਿਚ ਗਰਮ ਅਤੇ ਖੁਸ਼ਕ ਹਵਾਵਾਂ ਕਾਰਨ ਜੰਗਲੀ ਝਾੜੀਆਂ ਵਿਚ ਅੱਗ ਲੱਗਣਾ ਆਮ ਗੱਲ ਹੈ।