ਅਲਬਰਟਾ ਦੇ ਜੰਗਲ 'ਚ ਲੱਗੀ ਭਿਆਨਕ ਅੱਗ, 4000 ਲੋਕਾਂ ਲਈ ਐਡਵਾਇਜ਼ਰੀ ਜਾਰੀ

05/21/2019 9:26:42 PM

ਅਲਬਰਟਾ (ਏਜੰਸੀ)- ਅਲਬਰਟਾ ਵਿਖੇ ਸਥਿਤ ਮਾਰਲਬੋਰੋ ਨੇੜੇ ਜੰਗਲਾਂ 'ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਕਾਰਨ 87 ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਲਾਕੇ ਦੇ ਮੇਅਰ ਕ੍ਰਿਸਟਲ ਮੈਕ ਅਟੀਰ ਨੇ ਇਕ ਬਿਆਨ ਜਾਰੀ ਕਰਕੇ ਇਲਾਕੇ ਦੇ 4000 ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਆਖ ਦਿੱਤਾ ਹੈ। ਇਹ ਘਟਨਾ ਅਲਬਰਟਾ ਤੋਂ 15 ਕਿਲੋਮੀਟਰ ਦੂਰ ਪੱਛਮੀ ਐਡਸਨ 'ਚ ਵਾਪਰੀ। ਇਸ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਯੈਲੋਹੈੱਡ ਕਾਊਂਟੀ ਅਫ਼ਸਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੰਗਲ ਨੂੰ ਲੱਗੀ ਇਹ ਭਿਆਨਕ ਅੱਗ ਹਾਈਵੇਅ 16 ਤੱਕ ਪਹੁੰਚ ਗਈ ਅਤੇ ਸੜਕ ਦੇ ਦੋਵੇਂ ਪਾਸੇ ਅੱਗ ਤੇਜ਼ੀ ਨਾਲ ਫ਼ੈਲ ਗਈ। ਅੱਗ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਲੋਕਾਂ ਨੂੰ ਘਰੋਂ ਸੁਰੱਖਿਅਤ ਬਾਹਰ ਕੱਢਿਆ ਗਿਆ।

ਇਸ ਘਟਨਾ ਨਾਲ ਚਾਰੇ ਪਾਸੇ ਧੂੰਆ ਫ਼ੈਲ ਗਿਆ ਅਤੇ ਦਿਸਣਾ ਬਿਲਕੁੱਲ ਬੰਦ ਹੋ ਗਿਆ। ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਓਬੇਡ ਅਤੇ ਹਾਈਵੇਅ 16 ਦੀ ਆਵਾਜਾਈ ਨੂੰ ਰਾਤ ਭਰ ਲਈ ਬੰਦ ਰੱਖਿਆ। ਯੈਲੋਹੈੱਡ ਕਾਊਂਟੀ ਅਫ਼ਸਰਾਂ ਨੇ ਦੱਸਿਆ ਕਿ ਸਥਿਤੀ ਕੰਟਰੋਲ 'ਚ ਆਉਣ 'ਤੇ ਹਾਈਵੇਅ ਦੀ ਆਵਾਜਾਈ ਨੂੰ ਮੁੜ ਬਹਾਲ ਕੀਤਾ ਜਾਵੇਗਾ। ਇਸ ਅੱਗ ਨਾਲ ਆਸ-ਪਾਸ ਦੇ ਘਰਾਂ ਵਿੱਚ ਰਹਿੰਦੇ 87 ਦੇ ਕਰੀਬ ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਅਲਬਰਟਾ ਐਮਰਜੰਸੀ ਅਲਰਟ ਮੁਤਾਬਕ ਪੀੜਤ ਲੋਕਾਂ ਲਈ ਐਡਸਨ ਦੇ ਬੈਸਟ ਵੈਸਟਰਨ ਹੋਟਲ ਵਿੱਚ ਰਿਸੈਪਸ਼ਨ ਸੈਂਟਰ ਬਣਾਇਆ ਗਿਆ ਅਤੇ ਪੀੜਤ ਲੋਕ ਉਥੇ ਚੈੱਕ ਇਨ ਕਰ ਸਕਦੇ ਹਨ। ਅਲਬਰਟਾ ਫ਼ੋਰਟਿਸ ਅਨੁਸਾਰ ਅੱਗ ਲੱਗਣ ਨਾਲ ਇੱਕ ਦਰੱਖਤ ਟੁੱਟ ਕੇ ਪਾਵਰ ਲਾਇਨ 'ਤੇ ਜਾ ਡਿੱਗਿਆ ਜਿਸ ਕਾਰਨ ਇਲਾਕੇ ਦੀ ਬਿਜਲੀ ਪ੍ਰਭਾਵਿਤ ਰਹੀ। ਇਸ ਨਾਲ 2000 ਦੇ ਕਰੀਬ ਗ੍ਰਾਹਕ ਪ੍ਰਭਾਵਿਤ ਹੋਏ। ਇਹ ਘਟਨਾ ਸੂਬੇ 'ਚ ਵਾਪਰਨ ਵਾਲੀਆਂ ਪੰਜ ਸੱਭ ਤੋਂ ਵੱਧ ਭਿਆਨਕ ਅੱਗ ਅਤੇ ਨਾ ਕੰਟਰੋਲ ਹੋਣ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਸੀ। 

Sunny Mehra

This news is Content Editor Sunny Mehra