ਆਸਟ੍ਰੇਲੀਆ ''ਚ ਪਾਰਟੀ ਦੌਰਾਨ ਦੋਸਤਾਂ ਵਿਚਕਾਰ ਹੋਇਆ ਝਗੜਾ, 6 ਜ਼ਖਮੀ

04/15/2018 10:13:22 AM

ਸਿਡਨੀ (ਬਿਊਰੋ)— ਸਿਡਨੀ ਦੇ ਪੱਛਮ ਵਿਚ ਦੇਰ ਰਾਤ ਜਨਮਦਿਨ ਦੀ ਪਾਰਟੀ ਵਿਚ ਕੁਝ ਵਿਅਕਤੀਆਂ ਵਿਚਕਾਰ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਚਾਰ ਵਿਅਕਤੀਆਂ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਜਦਕਿ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਲੜਾਈ ਹੋਣ ਦੇ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਸਟੈਪਲਟਨ ਸਟ੍ਰੀਟ, ਵੈਂਟਵਰਥਵਿਲੇ ਬੁਲਾਇਆ ਗਿਆ। ਨਿਊ ਸਾਊਥ ਵੇਲਜ਼ ਪੁਲਸ ਨੇ ਆਪਣੇ ਬਿਆਨ ਵਿਚ ਕਿਹਾ ਕਿ ਅਧਿਕਾਰੀਆਂ ਦੇ ਉੱਥੇ ਪਹੁੰਚਣ ਤੱਕ ਹਾਦਸੇ ਵਾਲੀ ਜਗ੍ਹਾ 'ਤੇ ਕੋਈ ਨਹੀਂ ਸੀ ਪਰ ਵੱਡੀ ਮਾਤਰਾ ਵਿਚ ਖੂਨ ਖਿਲਰਿਆ ਹੋਇਆ ਸੀ। ਝਗੜੇ ਦੌਰਾਨ ਜ਼ਖਮੀ ਹੋਏ 6 ਵਿਅਕਤੀਆਂ ਨੂੰ ਵੈਸਟਮੀਡ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਵਿਚੋਂ ਚਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਦੋ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋਏ ਸਨ। ਹਾਲੇ ਤੱਕ ਉਨ੍ਹਾਂ ਵਿਚਕਾਰ ਹੋਏ ਝਗੜੇ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ ਹੈ। ਪੁਲਸ ਦੋਸ਼ੀ ਵਿਅਕਤੀ ਦੀ ਭਾਲ ਕਰ ਰਹੀ ਹੈ।