ਇਸ ਆਸਟ੍ਰੇਲੀਆਈ ਸ਼ਖਸ ਦੇ ਹੌਂਸਲੇ ਨੂੰ ਸਲਾਮ, ਵ੍ਹੀਲਚੇਅਰ ''ਤੇ ਬੈਠ ਕੇ ਸੱਚ ਕੀਤਾ ਸੁਪਨਾ

03/27/2018 5:45:34 PM

ਕਾਠਮੰਡੂ/ਸਿਡਨੀ (ਭਾਸ਼ਾ)— ਵ੍ਹੀਲਚੇਅਰ ਨਾਲ ਜੁੜੇ ਇਕ ਆਸਟ੍ਰੇਲੀਆਈ ਵਿਅਕਤੀ ਸਕੌਟ ਡੂਲਾਨ ਨੇ ਮੰਗਲਵਾਰ ਨੂੰ ਆਪਣੇ ਦਮ 'ਤੇ ਐਵਰੈਸਟ ਬੇਸ ਕੈਂਪ ਤੱਕ ਪਹੁੰਚਣ ਵਿਚ ਸਫਲਤਾ ਪ੍ਰਾਪਤ ਕੀਤੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਖੁਸ਼ੀ ਹੈ ਕਿ ਇਸ ਬਹੁਤ ਚੁਣੌਤੀਪੂਰਣ ਯਾਤਰਾ ਨੂੰ ਲੱਗਭਗ ਬਿਨਾ ਕਿਸੇ ਮਦਦ ਦੇ ਪੂਰੀ ਕਰਨ ਵਾਲਾ ਉਹ ਪਹਿਲਾ 'ਪੈਰਾਪਲੈਸਿਕ' (ਲੱਕ ਤੋਂ ਥੱਲੇ ਦਾ ਹਿੱਸਾ ਲਕਵੇ ਨਾਲ ਪੀੜਤ) ਵਿਅਕਤੀ ਹੈ। ਸਕੌਟ ਡੂਲਾਨ (28) ਨੇ ਇਸ ਸਥਲ ਤੱਕ ਪਹੁੰਚਣ ਵਿਚ 10 ਦਿਨ ਦਾ ਸਮਾਂ ਲਿਆ। ਡੂਲਾਨ ਐਤਵਾਰ ਨੂੰ ਸਮੁੰਦਰ ਤੱਲ ਤੋਂ 5364 ਮੀਟਰ ਉੱਪਰ ਸਥਿਤ ਇਸ ਕੈਂਪ ਤੱਕ ਪਹੁੰਚੇ। ਉਸ ਨੇ ਆਧਾਰ ਕੈਂਪ ਤੱਕ ਪਹੁੰਚਣ ਵਾਲੇ ਪਲ ਬਾਰੇ ਕਿਹਾ,''ਮੈਨੂੰ ਉਸ ਸਮੇਂ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ ਕਿਉਂਕਿ ਮੈਂ ਆਪਣੇ ਹੱਥਾਂ ਨਾਲ ਚੱਲ ਰਿਹਾ ਸੀ ਪਰ ਮੈਨੂੰ ਸਿਰਫ ਕਰੀਬ 20 ਲੋਕਾਂ ਦੀ ਭੀੜ ਨੂੰ ਦੇਖਣਾ ਯਾਦ ਹੈ। ਜਿਵੇਂ ਹੀ ਮੈਂ ਉੱਥੇ ਪਹੁੰਚਿਆ ਉਨ੍ਹਾਂ ਨੇ ਮੇਰਾ ਉਤਸ਼ਾਹ ਵਧਾਉਣਾ ਸ਼ੁਰੂ ਕੀਤਾ।'' ਡੂਲਾਨ ਨੇ ਹੱਥਾਂ ਦੀ ਮਦਦ ਨਾਲ ਚੱਲ ਕੇ ਇਹ ਯਾਤਰਾ ਕੀਤੀ ਅਤੇ ਚੜ੍ਹਾਈ ਦੌਰਾਨ ਉਸ ਨੇ ਪੰਜ ਜੋੜੀ ਦਸਤਾਨਿਆਂ ਦੀ ਵਰਤੋਂ ਕੀਤੀ।  


ਦੱਸਣਯੋਗ ਹੈ ਕਿ 17 ਸਾਲ ਦੀ ਉਮਰ ਵਿਚ ਇਕ ਹਾਦਸੇ ਵਿਚ ਡੂਲਾਨ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ। ਉਦੋਂ ਤੋਂ ਹੀ ਉਹ ਵ੍ਹੀਲਚੇਅਰ 'ਤੇ ਸੀ। ਉਹ ਜ਼ਿੰਦਗੀ ਵਿਚ ਕੁਝ ਹਾਸਲ ਕਰਨਾ ਚਾਹੁੰਦਾ ਸੀ। ਉਸ ਨੇ ਪਰਬਤ ਚੋਟੀ 'ਤੇ ਚੜ੍ਹਨ ਦਾ ਫੈਸਲਾ ਕੀਤਾ। ਇਸ ਟਰੈਕ ਲਈ ਡੂਲਾਨ ਨੂੰ 8 ਮਹੀਨੇ ਦੀ ਟਰੇਨਿੰਗ ਦਿੱਤੀ ਗਈ। ਉਨ੍ਹਾਂ ਨੂੰ ਉੱਪਰੀ ਸਰੀਰ ਦੀ ਤਾਕਤ ਵਧਾਉਣ ਲਈ ਰੋਜ਼ਾਨਾ ਕਾਰਡੀਓਵੈਸਕੁਲਰ ਅਤੇ ਤਾਕਤ ਦੀ ਸਿਖਲਾਈ ਦਿੱਤੀ ਗਈ। ਡੂਲਾਨ ਮੁਤਾਬਕ ਇਹ ਯਾਤਰਾ ਉਸ ਦੀ ਉਮੀਦ ਤੋਂ ਕਾਫੀ ਹੱਦ ਤੱਕ ਮੁਸ਼ਕਲ ਸੀ। ਐਤਵਾਰ ਨੂੰ ਡੂਲਾਨ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੇ ਕੀਤੇ ਐਕਸ-ਰੇਅ ਤੋਂ ਪਤਾ ਚੱਲਿਆ ਕਿ ਉਨ੍ਹਾਂ ਦੀ ਟੇਲਬੋਨ ਵਿਚ ਹਲਕਾ ਜਿਹਾ ਫ੍ਰੈਕਚਰ ਸੀ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜਲਦੀ ਹੀ ਠੀਕ ਹੋ ਜਾਣਗੇ। ਡੂਲਾਨ ਸਾਲ 2020 ਟੋਕਿਓ ਪੈਰਲਿੰਪਿਕਸ ਵਿਚ ਆਸਟ੍ਰੇਲੀਆ ਲਈ ਤੈਰਾਕੀ ਕਰਨਾ ਚਾਹੁੰਦੇ ਹਨ।