ਮੈਲਬੌਰਨ ''ਚ ਹਾਦਸਾਗ੍ਰਸਤ ਹੋਈ ਕਾਰ, ਤਿੰਨ ਜ਼ਖਮੀ

03/11/2018 12:10:56 PM

ਸਿਡਨੀ (ਬਿਊਰੋ)— ਮੈਲਬੌਰਨ ਹਸਪਤਾਲ ਦੇ ਕਰਮਚਾਰੀਆਂ ਨੂੰ ਐਤਵਾਰ ਨੂੰ ਉਨ੍ਹਾਂ ਦੇ ਐਮਰਜੈਂਸੀ ਵਿਭਾਗ ਦੇ ਬਾਹਰ ਇਕ ਕਾਰ ਖੜ੍ਹੀ ਮਿਲੀ। ਅਸਲ ਵਿਚ ਇਸ ਕਾਰ ਵਿਚ ਤਿੰਨ ਜ਼ਖਮੀ ਯਾਤਰੀ ਸਨ, ਜਿਨ੍ਹਾਂ ਨੂੰ ਦੇਖ ਸਟਾਫ ਹੈਰਾਨ ਰਹਿ ਗਿਆ। ਇਸ ਬਾਰੇ ਜਲਦੀ ਨੂੰ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਸਟਾਫ ਮੁਤਾਬਕ ਸਵੇਰ ਦੇ 3 ਵਜੇ ਦੇ ਕਰੀਬ ਇਹ ਕਾਰ ਦਾਂਡੇਨੌਂਗ ਹਸਪਤਾਲ ਦੇ ਬਾਹਰ ਖੜ੍ਹੀ ਸੀ। ਮੌਕੇ 'ਤੇ ਪਹੁੰਚੀ ਪੁਲਸ ਹਾਦਸਾਗ੍ਰਸਤ ਹੋਈ ਕਾਰ ਦੀ ਜਾਂਚ ਵਿਚ ਜੁੱਟ ਗਈ ਹੈ। ਪੁਲਸ ਮੁਤਾਬਕ 20 ਸਾਲ ਡਰਾਈਵਰ ਪਹਿਲਾਂ ਮੌਕੇ ਤੋਂ ਭੱਜ ਗਿਆ ਸੀ ਪਰ ਦੁਬਾਰਾ ਵਾਪਸ ਆ ਗਿਆ ਸੀ। ਇਹ ਮੰਨਿਆ ਜਾਂਦਾ ਹੈ ਕਿ ਨੌਜਵਾਨਾਂ ਦਾ ਇਹ ਸਮੂਹ ਲੜਾਈ ਵਿਚ ਸ਼ਾਮਲ ਸੀ। ਜਦੋਂ ਕੁਝ ਨੌਜਵਾਨ ਛਾਲ ਮਾਰ ਕੇ ਕਾਰ ਵਿਚ ਚੜ੍ਹੇ ਤਾਂ ਇਹ ਖੰਭੇ ਨਾਲ ਟਕਰਾ ਗਈ। ਇਸ ਕਾਰਨ ਉਹ ਸਾਰੇ ਜ਼ਖਮੀ ਹੋ ਗਏ। ਡਰਾਈਵਰ ਨੇ ਕਿਸੇ ਕੋਲੋਂ ਮਦਦ ਮੰਗਣ ਦੀ ਥਾਂ ਕਾਰ ਚਲਾਉਣੀ ਜਾਰੀ ਰੱਖੀ ਅਤੇ ਕਾਰ ਨੂੰ ਹਸਪਤਾਲ ਦੇ ਬਾਹਰ ਤੱਕ ਲੈ ਗਿਆ। ਇਸ ਮਗਰੋਂ ਉਹ ਮੌਕੇ ਤੋਂ ਭੱਜ ਗਿਆ। ਪੁਲਸ ਨੇ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਅਤੇ ਫਾਇਰ ਫਾਈਟਰਜ਼ ਅਧਿਕਾਰੀਆਂ ਨੇ ਕਾਰ ਵਿਚ ਫਸੀ ਇਕ ਮਹਿਲਾ ਯਾਤਰੀ ਨੂੰ ਆਜ਼ਾਦ ਕਰਵਾਇਆ। ਤਿੰਨੇ ਜ਼ਖਮੀ ਲੋਕਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਸ ਇਸ ਬਾਰੇ ਡਰਾਈਵਰ ਤੋਂ ਪੁੱਛਗਿੱਛ ਕਰ ਰਹੀ ਹੈ।