9 ਸਾਲ ਦੇ ਬੱਚੇ ਨੇ 'ਗ੍ਰੈਜੁਏਟ' ਬਣ ਰਚਿਆ ਇਤਿਹਾਸ, ਬਣਨਾ ਚਾਹੁੰਦੈ ਖਗੋਲ ਵਿਗਿਆਨੀ

02/07/2023 10:10:59 AM

ਪੈਨਸਿਲਵੇਨੀਆ (ਬਿਊਰੋ): ਅਮਰੀਕਾ ਦੇ ਪੈਨਸਿਲਵੇਨੀਆ 'ਚ ਨੌਂ ਸਾਲ ਦੇ ਬੱਚੇ ਨੇ ਕਮਾਲ ਕਰ ਦਿੱਤਾ ਹੈ। ਨੌਂ ਸਾਲ ਦਾ ਮੁੰਡਾ ਹਾਈ ਸਕੂਲ ਤੋਂ ਸਭ ਤੋਂ ਘੱਟ ਉਮਰ ਵਿਚ ਗ੍ਰੈਜੂਏਸ਼ਨ ਕਰਨ ਵਾਲਿਆਂ ਵਿੱਚੋਂ ਇੱਕ ਬਣ ਗਿਆ ਹੈ। ਇਸ ਦੇ ਨਾਲ ਹੀ ਉਸਨੇ ਕਾਲਜ ਦੀ ਡਿਗਰੀ ਲਈ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਇਸ ਨੌਂ ਸਾਲ ਦੇ ਬੱਚੇ ਦਾ ਨਾਂ ਡੇਵਿਡ ਬਾਲੋਗੁਨ ਹੈ। ਡੇਵਿਡ ਨੇ ਡਿਸਟੈਂਸ ਲਰਨਿੰਗ ਰਾਹੀਂ ਹੈਰਿਸਬਰਗ ਦੇ ਰੀਚ ਸਾਈਬਰ ਚਾਰਟਰ ਸਕੂਲ ਤੋਂ ਆਪਣਾ ਡਿਪਲੋਮਾ ਹਾਸਲ ਕੀਤਾ।

ਦਿ ਗਾਰਡੀਅਨ ਦੀ ਇੱਕ ਰਿਪੋਰਟ ਦੇ ਅਨੁਸਾਰ ਡੇਵਿਡ ਨੇ ਆਪਣੀਆਂ ਪ੍ਰਾਪਤੀਆਂ ਦਾ ਕ੍ਰੈਡਿਟ ਆਪਣੇ ਬਹੁਤ ਸਾਰੇ ਪਸੰਦੀਦਾ ਅਧਿਆਪਕਾਂ ਅਤੇ ਵਿਗਿਆਨ ਤੇ ਕੰਪਿਊਟਰ ਪ੍ਰੋਗਰਾਮਿੰਗ ਪ੍ਰਤੀ ਆਪਣੇ ਪਿਆਰ ਨੂੰ ਦਿੱਤਾ। ਡੇਵਿਡ ਨੇ ਪੈਨਸਿਲਵੇਨੀਆ ਦੇ ਇੱਕ ਟੀਵੀ ਚੈਨਲ WGAL ਨੂੰ ਦੱੱਸਿਆ ਕਿ ਉਹ ਪਹਿਲਾਂ ਹੀ ਜਾਣਦਾ ਹੈ ਕਿ ਉਸ ਨੂੰ ਰੋਜ਼ੀ-ਰੋਟੀ ਲਈ ਕੀ ਕਰਨਾ ਚਾਹੀਦਾ ਹੈ। ਉਸਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ 'ਮੈਂ ਇੱਕ ਖਗੋਲ ਭੌਤਿਕ ਵਿਗਿਆਨੀ ਬਣਨਾ ਚਾਹੁੰਦਾ ਹਾਂ, ਅਤੇ ਮੈਂ ਬਲੈਕ ਹੋਲ ਅਤੇ ਸੁਪਰਨੋਵਾ ਦਾ ਅਧਿਐਨ ਕਰਨਾ ਚਾਹੁੰਦਾ ਹਾਂ।'ਭਾਵੇਂ ਡੇਵਿਡ ਦੇ ਮਾਤਾ-ਪਿਤਾ ਕੋਲ ਅਡਵਾਂਸ ਡਿਗਰੀਆਂ ਹਨ, ਪਰ ਉਹ ਮੰਨਦੇ ਹਨ ਕਿ ਅਜਿਹੇ ਤੇਜ਼ ਦਿਮਾਗ ਵਾਲੇ ਬੱਚੇ ਦੀ ਪਰਵਰਿਸ਼ ਕਰਨਾ ਮੁਸ਼ਕਲ ਹੈ। ਚੈਨਲ ਨਾਲ ਗੱਲਬਾਤ ਕਰਦਿਆਂ ਡੇਵਿਡ ਦੀ ਮਾਂ ਰੋਨੀਆ ਬਲੋਗੁਨ ਨੇ ਕਿਹਾ ਕਿ 'ਉਹ 9 ਸਾਲ ਦਾ ਬੱਚਾ ਹੈ, ਜਿਸ ਦੇ ਦਿਮਾਗ 'ਚ ਕਈ ਧਾਰਨਾਵਾਂ ਨੂੰ ਸਮਝਣ ਦੀ ਸਮਰੱਥਾ ਹੈ। ਜੋ ਕਿ ਉਸਦੀ ਉਮਰ ਤੋਂ ਪਰੇ ਹੈ ਅਤੇ ਕਈ ਵਾਰ ਮੇਰੀ ਸਮਝ ਤੋਂ ਵੀ ਪਰੇ ਹੈ।' ਡੇਵਿਡ ਦੇ ਅਧਿਆਪਕਾਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਆਪਣੇ ਅਸਾਧਾਰਨ ਤੌਰ 'ਤੇ ਹੋਣਹਾਰ ਵਿਦਿਆਰਥੀ ਤੋਂ ਗਿਆਨ ਪ੍ਰਾਪਤ ਕੀਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਭਾਰਤੀ ਨੈਨੀ/ਨਰਸਾਂ ਦੀ ਭਾਰੀ ਮੰਗ, ਪੂਰਾ ਕਰੋ ਵਿਦੇਸ਼ 'ਚ ਸੈਟਲ ਹੋਣ ਦਾ ਸੁਫ਼ਨਾ

ਡੇਵਿਡ ਦੇ ਵਿਗਿਆਨ ਅਧਿਆਪਕ ਕੋਡੀ ਡੇਰ ਨੇ ਕਿਹਾ ਕਿ 'ਡੇਵਿਡ ਇੱਕ ਪ੍ਰੇਰਣਾਦਾਇਕ ਬੱਚਾ ਹੈ। ਇਹ ਯਕੀਨੀ ਤੌਰ 'ਤੇ ਤੁਹਾਡੇ ਪੜ੍ਹਾਉਣ ਬਾਰੇ ਸੋਚਣ ਦੇ ਤਰੀਕੇ ਨੂੰ ਬਦਲਦਾ ਹੈ।' ਚੈਨਲ ਨੇ ਦੱਸਿਆ ਕਿ ਡੇਵਿਡ ਜੋ ਮੇਨਸਾ ਹਾਈ ਇੰਟੈਲੀਜੈਂਸ ਸੁਸਾਇਟੀ ਦਾ ਮੈਂਬਰ ਵੀ ਹੈ। ਰੀਚ ਚਾਰਟਰ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਸਨੇ ਇੱਕ ਸਮੈਸਟਰ ਲਈ ਬਕਸ ਕਾਉਂਟੀ ਕਮਿਊਨਿਟੀ ਕਾਲਜ ਵਿੱਚ ਹਿੱਸਾ ਲਿਆ ਹੈ। ਪੜ੍ਹਾਈ ਤੋਂ ਇਲਾਵਾ ਡੇਵਿਡ ਮਾਰਸ਼ਲ ਆਰਟ 'ਚ ਬਲੈਕ ਬੈਲਟ ਹਾਸਲ ਕਰਨ ਦੀ ਤਿਆਰੀ ਕਰ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana