ਬ੍ਰਿਟੇਨ ਵਿਚ ਵੀਜ਼ੇ ਕਾਰਨ ਖਤਰੇ ਵਿਚ 9 ਸਾਲਾ ਭਾਰਤੀ ਸ਼ਤਰੰਜ ਖਿਡਾਰੀ ਦਾ ਭਵਿੱਖ

04/22/2018 9:29:23 PM

ਲੰਡਨ (ਭਾਸ਼ਾ)- ਬ੍ਰਿਟੇਨ ਵਿਚ ਇਕ 9 ਸਾਲਾ ਭਾਰਤੀ ਸ਼ਤਰੰਜ ਖਿਡਾਰੀ ਉਥੇ ਰਹਿਣ ਲਈ ਵੀਜ਼ਾ ਦੇ ਚੱਕਰ ਵਿਚ ਉਲਝ ਗਿਆ ਹੈ ਕਿਉਂਕਿ ਉਥੋਂ ਕੰਮ ਕਰ ਰਹੇ ਉਸ ਦੇ ਪਿਤਾ ਦਾ ਵਰਕ ਵੀਜ਼ਾ ਖਤਮ ਹੋਣ ਵਾਲਾ ਹੈ। ਸ਼੍ਰੇਅਸ ਰਾਇਲ ਨਾਂ ਦੇ ਇਸ ਖਿਡਾਰੀ ਨੇ ਸ਼ਤਰੰਜ ਦੇ ਕਈ ਮੁਕਾਬਲੇ ਜਿੱਤੇ ਹਨ ਅਤੇ ਉਸ ਦੇ ਪਿਤਾ ਜਤਿੰਦਰ ਅਤੇ ਮਾਤਾ ਅੰਜੂ ਸਿੰਘ ਹੁਣ ਯੂ.ਕੇ. ਹੋਮ ਆਫਿਸ ਤੋਂ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਨੂੰ ਬ੍ਰਿਟੇਨ ਵਿਚ ਰਹਿਣ ਲਈ ਅਣਮਿੱਥੇ ਸਮੇਂ ਲਈ ਛੋਟ (ਆਈ.ਐਲ.ਆਰ.) ਦਿੱਤੀ ਜਾਵੇ ਕਿਉਂਕਿ ਸ਼੍ਰੇਅਸ ਇਕ ਰਾਸ਼ਟਰੀ ਜਾਇਦਾਦ ਹੈ। ਪਰਿਵਾਰ 2012 ਵਿਚ ਬੰਗਲੁਰੂ ਤੋਂ ਲੰਡਨ ਆ ਗਿਆ ਸੀ, ਜਦੋਂ ਸ਼੍ਰੇਅਸ ਤਿੰਨ ਸਾਲ ਦਾ ਸੀ। ਸ਼੍ਰੇਅਸ ਦੇ ਪਿਤਾ ਜਤਿੰਦਰ ਨੇ ਕਿਹਾ ਕਿ ਸ਼੍ਰੇਅਸ ਦੀ ਜ਼ਿੰਦਗੀ ਇਥੇ ਹੈ।

ਉਸ ਦੀਆਂ ਜੜਾਂ ਇਥੇ ਹਨ। ਸਾਨੂੰ ਭਾਰਤ ਵਿਚ ਰਹਿਣ ਦੀ ਆਦਤ ਹੈ ਅਸੀਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਉਥੇ ਹੀ ਹੰਢਾਇਆ ਹੈ ਪਰ ਸ਼੍ਰੇਅਸ ਲਈ ਇਹ ਵੱਡਾ ਝਟਕਾ ਹੋਵੇਗਾ। ਉਹ ਆਪਣੀ ਸ਼ਤਰੰਜ ਖੇਡ ਨੂੰ ਜਾਰੀ ਨਹੀਂ ਰੱਖ ਸਕੇਗਾ ਇਹ ਅਸਲ ਵਿਚ ਉਸ ਲਈ ਇਕ ਭਿਆਨਕ ਸਥਿਤੀ ਹੈ। ਸਤੰਬਰ ਵਿਚ ਜਤਿੰਦਰ ਦਾ ਵਰਕ ਵੀਜ਼ਾ ਖਤਮ ਹੋ ਰਿਹਾ ਹੈ। ਸ਼੍ਰੇਅਸ ਦੇ ਕੋਚ ਜੂਲੀਅਨ ਸਿੰਪੋਲ ਵੀ ਪਰਿਵਾਰ ਲਈ ਕੋਸ਼ਿਸ਼ ਕਰ ਰਹੇ ਹਨ। ਪਰਿਵਾਰ ਨੇ ਹੋਮ ਆਫਿਸ ਵਿਚ ਆਪਣੀ ਅਰਜ਼ੀ ਦਿੱਤੀ ਹੈ। ਸਿੰਪੋਲ ਨੇ ਕਿਹਾ ਕਿ ਉਹ ਲਗਭਗ ਉਨ੍ਹਾਂ ਸਾਰੇ ਮੁਕਾਬਲਿਆਂ ਵਿਚ ਜਿੱਤ ਹਾਸਲ ਕਰਦਾ ਹੈ, ਜਿਸ ਵਿਚ ਉਹ ਹਿੱਸਾ ਲੈਂਦਾ ਹੈ। ਕੋਚ ਨੇ ਕਿਹਾ ਕਿ ਇਸ ਤਰ੍ਹਾਂ ਦਾ ਬੱਚਾ ਮੈਂ ਪਹਿਲਾਂ ਕਦੇ ਨਹੀਂ ਦੇਖਿਆ। ਉਹ ਕਾਫੀ ਹੁਨਰਮੰਦ ਹੈ। ਉਹ ਭਵਿੱਖ ਵਿਚ ਵਿਸ਼ਵ ਚੈਂਪੀਅਨ ਬਣਨ ਜਾ ਰਿਹਾ ਹੈ ਅਤੇ ਅਸੀਂ ਚਾਹਾਂਗੇ ਕਿ ਉਹ ਬ੍ਰਿਟੇਨ ਲਈ ਹੋਵੇ।