ਅਫਗਾਨਿਸਤਾਨ ''ਚ ਤਾਲੀਬਾਨ ਦੇ ਦੋ ਹਮਲਿਆਂ ''ਚ 9 ਜਵਾਨਾਂ ਦੀ ਮੌਤ

Saturday, Apr 13, 2019 - 07:52 PM (IST)

ਕਾਬੁਲ (ਏਜੰਸੀ)- ਤਾਲੀਬਾਨ ਅੱਤਵਾਦੀਆਂ ਨੇ ਪੱਛਮੀ ਅਫਗਾਨਿਸਤਾਨ 'ਚ ਇਕ ਪੁਲਸ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ, ਜਿਸ 'ਚ 7 ਜਵਾਨਾਂ ਦੀ ਮੌਤ ਹੋ ਗਈ। ਹਮਲੇ ਤੋਂ ਬਾਅਦ ਸੁਰੱਖਿਆ ਦਸਤਿਆਂ ਦੀ ਜਵਾਬੀ ਕਾਰਵਾਈ ਵਿਚ ਘੱਟੋ-ਘੱਟ 4 ਬਾਗੀਆਂ ਦੀ ਵੀ ਮੌਤ ਹੋ ਗਈ। ਇਸ ਤੋਂ ਇਲਾਵਾ ਪੂਰਬੀ ਨੰਗਰਹਾਰ ਸੂਬੇ ਵਿਚ ਵੀ ਅੱਤਵਾਦੀ ਹਮਲਾ ਹੋਇਆ, ਜਿਸ 'ਚ ਦੋ ਪੁਲਸ ਮੁਲਾਜ਼ਮ ਮਾਰੇ ਗਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੱਛਮੀ ਘੋਰ ਸੂਬੇ ਦੇ ਬੁਲਾਰੇ ਅਬਦੁਲ ਐਚ ਖਤੇਬੀ ਨੇ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਬਾਅਦ ਹੋਏ ਇਸ ਹਮਲੇ ਵਿਚ ਇਕ ਘੰਟੇ ਤੱਕ ਗੋਲੀਬਾਰੀ ਹੋਈ। ਮਾਰੇ ਗਏ ਜਵਾਨਾਂ 'ਚ ਸੂਬਾ ਪੁਲਸ ਦੇ ਆਪ੍ਰੇਸ਼ਨਲ ਮੁਖੀ ਫਾਕਿਰ ਅਹਿਮਦ ਨੂਰੀ ਵੀ ਸ਼ਾਮਲ ਹਨ। ਹਮਲੇ ਵਿਚ ਇਕ ਨਾਗਰਿਕ ਅਤੇ ਦੋ ਪੁਲਸ ਮੁਲਾਜ਼ਮਾਂ ਸਣੇ ਤਿੰਨ ਲੋਕ ਜ਼ਖਮੀ ਹੋ ਗਏ ਹਨ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿਚ 17 ਸਾਲ ਤੋਂ ਜਾਰੀ ਲੜਾਈ ਨੂੰ ਖਤਮ ਕਰਨ ਲਈ ਅਮਰੀਕਾ ਦੀ ਤਾਲੀਬਾਨ ਦੇ ਨਾਲ ਕਈ ਦੌਰ ਦੀ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ। ਇਥੋਂ ਤੱਕ ਕਿ ਦੇਸ਼ ਦੇ ਅੱਧੇ ਹਿੱਸੇ 'ਤੇ ਕਬਜ਼ਾ ਕਰ ਚੁੱਕਾ ਤਾਲੀਬਾਨ ਹਰ ਦਿਨ ਸੁਰੱਖਿਆ ਦਸਤਿਆਂ 'ਤੇ ਹਮਲਿਆਂ ਨੂੰ ਅੰਜਾਮ ਦੇ ਰਿਹਾ ਹੈ।
ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਦੇਰ ਰਾਤ ਨੂੰ ਪੂਰਬੀ ਨੰਗਰਹਾਰ ਸੂਬੇ ਵਿਚ ਵੀ ਅੱਤਵਾਦੀਆਂ ਨੇ ਇਕ ਜ਼ਿਲਾ ਹੈਡਕੁਆਰਟਰ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ ਦੋ ਪੁਲਸ ਮੁਲਾਜ਼ਮਾਂ ਦੀ ਮੌਤ ਹੋਈ। ਸੂਬਾ ਗਵਰਨਰ ਦੇ ਬੁਲਾਰੇ ਅਤਾਉੱਲਾ ਖੋਗਿਆਨੀ ਨੇ ਦੱਸਿਆ ਕਿ ਇਸ ਹਮਲੇ ਵਿਚ ਦੋ ਆਤਮਘਾਤੀ ਕਾਰ ਬੰਬ ਹਮਲਾਵਰਾਂ ਨੇ ਜਾਂਚ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਬੁਲਾਰੇ ਮੁਤਾਬਕ ਇਸ ਹਮਲੇ ਵਿਚ 8 ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ ਜਦੋਂ ਕਿ ਜਵਾਬੀ ਕਾਰਵਾਈ ਵਿਚ ਕਈ ਤਾਲੀਬਾਨ ਅੱਤਵਾਦੀ ਮਾਰੇ ਗਏ ਹਨ।
 


Sunny Mehra

Content Editor

Related News