ਬਰਤਾਨੀਆ ਦੀਆਂ ਜੇਲਾਂ ''ਚ ਡਰੋਨ ਰਾਹੀਂ ਸਮਾਨ ਸੁੱਟਦੇ ਦੋ ਏਸ਼ੀਅਨਾਂ ਸਮੇਤ 9 ਵਿਅਕਤੀ ਕਾਬੂ

06/10/2017 4:41:54 PM

ਲੰਡਨ (ਰਾਜਵੀਰ ਸਮਰਾ)— ਬਰਮਿੰਘਮ ਅਤੇ ਇੰਗਲੈਂਡ ਦੀਆਂ ਹੋਰ ਜੇਲਾਂ 'ਚ ਨਸ਼ਾ ਤਸਕਰਾਂ ਵਲੋਂ ਜੇਲਾਂ ਅੰਦਰ ਡਰੱਗ ਅਤੇ ਹੋਰ ਪਾਬੰਦੀਸ਼ੁਦਾ ਸਮਾਨ ਸੁੱਟਣ ਲਈ ਤਾਕਤਵਾਰ ਡਰੋਨਾਂ ਦੀ ਵਰਤੋਂ ਕੀਤੀ ਜਾ ਰਿਹਾ ਹੈ, ਜਿਸ 'ਤੇ ਕਾਰਵਾਈ ਕਰਦਿਆਂ ਬੀਤੇ ਦਿਨੀਂ ਬਰਤਾਨੀਆ ਦੀ ਪੁਲਸ ਵਲੋਂ ਦੋ ਏਸ਼ੀਅਨਾਂ ਸਮੇਤ 9 ਵਿਅਕਤੀਆਂ ਖਿਲਾਫ ਜੇਲਾਂ 'ਚ ਡਰੋਨਾਂ ਰਾਹੀਂ ਡਰੱਗ ਅਤੇ ਹੋਰ ਪਾਬੰਦੀਸ਼ੁਦਾ ਚੀਜਾਂ ਭੇਜਣ ਦੇ ਮਾਮਲੇ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਬਰਮਿੰਘਮ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤੇ ਗਏ ਸੰਜੇ ਪਟੇਲ (37) ਵਾਸੀ ਬੁਸਕੋਟ, ਚੇਲਟਨਹੇਮ, ਅਤਲਾਫ਼ ਹੁਸੈਨ (30) ਵਾਸੀ ਸਲੈਟਰ ਸਟਰੀਟ, ਤਿਪਟਨ, ਕਰੇਗ ਹਿਕਨਬੋਟਮ (34) ਵਾਸੀ ਓਲਡਬਰੀ, ਐਸਲੀ ਰੋਲਿਨਸਨ (21) ਵਾਸੀ ਬਰਾਇਰਲੀ ਹਿੱਲ, ਜੌਹਨ ਕੁਇਨ (35) ਵਾਸੀ ਤਿਪਟਨ, ਟੈਰੀ ਲੀਚ (19) ਵਾਸੀ ਟਿਪਟਨ, ਯਵੌਨ ਹੇਅ (41) ਵਾਸੀ ਵਾਲਸਾਲ ਅਤੇ ਫਰਾਂਸਿਸ ਵਾਰਡ (45) ਵਾਸੀ ਵਾਲਸਾਲ 'ਤੇ ਦੋਸ਼ ਹਨ ਕਿ ਉਨ੍ਹਾਂ ਨੇ ਡਰੋਨਾਂ ਰਾਹੀਂ ਜੇਲ ਦੀਆਂ ਕੰਧਾਂ ਉਪਰੋਂ ਕਈ ਜੇਲਾਂ 'ਚ ਡਰੱਗ ਅਤੇ ਹੋਰ ਪਾਬੰਦੀਸ਼ੁਦਾ ਸਮਾਨ ਸੁੱਟਿਆ। ਹਰੇਕ 'ਤੇ ਜੁਲਾਈ 2015 ਅਤੇ ਜਨਵਰੀ 2017 ਦਰਮਿਆਨ ਜੇਲਾਂ ਵਿਚ ਪਾਬੰਦੀਸ਼ੁਦਾ ਸਮਾਨ ਪਹੁੰਚਾਉਣ ਦੇ ਪੰਜ ਦੋਸ਼ ਹਨ। ਇਨ੍ਹਾਂ 'ਚੋਂ ਹੁਸੈਨ ਤੇ ਡਰੱਗ ਰੱਖਣ ਅਤੇ ਵੇਚਣ ਦੇ ਹੋਰ ਵੱਖਰੇ ਦੋਸ਼ ਵੀ ਦਰਜ ਕੀਤੇ ਗਏ ਹਨ। ਇਨ੍ਹਾਂ 9 ਵਿਅਕਤੀਆਂ ਜਿਨ੍ਹਾਂ 'ਚ ਦੋ ਔਰਤਾਂ ਵੀ ਸ਼ਾਮਲ ਹਨ, ਨੂੰ 23 ਜੂਨ ਨੂੰ ਬਰਮਿੰਘਮ ਕਰਾਊਨ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।