ਪਿੰਜਰੇ ''ਚੋਂ ਤੋਤਾ ਉੱਡਣ ''ਤੇ ਮਾਲਕ ਨੇ ਕੁੱਟ-ਕੁੱਟ ਮਾਰ ''ਤੀ 8 ਸਾਲ ਦੀ ਮਾਸੂਮ

06/04/2020 1:11:21 AM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਇਕ ਘਰੇਲੂ ਸਹਾਇਕਾ ਦੇ ਖਿਲਾਫ ਹਿੰਸਾ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 8 ਸਾਲ ਦੀ ਇਕ ਬੱਚੀ ਨੂੰ ਉਸ ਦੇ ਮਾਲਕ ਨੇ ਇੰਨੀ ਬੇਰਹਿਮੀ ਨਾਲ ਮਾਰਿਆ ਕਿ ਉਸ ਦੀ ਮੌਤ ਹੋ ਗਈ। ਬੱਚੀ ਦਾ ਕਸੂਰ ਸਿਰਫ ਇੰਨਾ ਸੀ ਕਿ ਪਿੰਜਰਾ ਸਾਫ ਕਰਦੇ ਸਮੇਂ ਤੋਤਾ ਉੱਡ ਗਿਆ ਸੀ।

ਇਸ ਗੈਰ-ਮਨੁੱਖੀ ਘਟਨਾ ਨਾਲ ਪੂਰੇ ਪਾਕਿਸਤਾਨ ਵਿਚ ਬੁੱਧਵਾਰ ਨੂੰ ਲੋਕਾਂ ਤੇ ਨੇਤਾਵਾਂ ਵਿਚ ਗੁੱਸਾ ਹੈ ਤੇ ਉਨ੍ਹਾਂ ਨੇ 8 ਸਾਲ ਦੀ ਬੱਚੀ ਲਈ ਇਨਸਾਫ ਦੀ ਮੰਗ ਕੀਤੀ ਹੈ। ਪੁਲਸ ਨੇ ਦੱਸਿਆ ਕਿ ਜ਼ਹਿਰਾ ਨਾਂ ਦੀ ਬੱਚੀ ਰਾਵਲਪਿੰਡੀ ਵਿਚ ਇਕ ਜੋੜੇ ਦੇ ਘਰ ਕੰਮ ਕਰਦੀ ਸੀ। ਉਸ ਦੇ ਮਾਲਕ ਉਸ ਨੂੰ ਜ਼ਖਮੀ ਹਾਲਤ ਵਿਚ ਬੇਗਮ ਅਖਤਰ ਰੁਖਸਾਨਾ ਮੈਮੋਰੀਅਲ ਹਸਪਤਾਲ ਐਤਵਾਰ ਨੂੰ ਲੈ ਕੇ ਪਹੁੰਚੇ, ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਜੋੜੇ ਨੂੰ ਉਸੇ ਦਿਨ ਗ੍ਰਿਫਤਾਰ ਕਰਕੇ 6 ਜੂਨ ਤੱਕ ਲਈ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਰਾਵਲਪਿੰਡੀ ਪੁਲਸ ਥਾਣੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਹਿਰਾ ਦੇ ਮਾਲਕ ਨੇ ਸਵਿਕਾਰ ਕੀਤਾ ਹੈ ਕਿ ਜ਼ਹਿਰਾ ਦੀ ਗਲਤੀ ਨਾਲ ਉਸ ਦਾ ਕੀਮਤੀ ਤੋਤਾ ਪਿੰਜਰੇ ਵਿਚੋਂ ਉੱਡ ਗਿਆ ਸੀ ਤੇ ਗੁੱਸੇ ਵਿਚ ਆ ਕੇ ਉਸ ਨੇ ਤੇ ਉਸ ਦੀ ਪਤਨੀ ਨੇ ਬੱਚੀ ਨੂੰ ਬਹੁਤ ਮਾਰਿਆ ਸੀ। 

ਰਾਵਲਪਿੰਡੀ ਪੁਲਸ ਥਾਣੇ ਵਿਚ ਦਰਜ ਸ਼ਿਕਾਇਤ ਮੁਤਾਬਕ ਬੱਚੀ ਦੇ ਚਿਹਰੇ, ਹੱਥਾਂ, ਪਸਲੀਆਂ ਦੇ ਹੇਠਾਂ ਤੇ ਪੈਰਾਂ 'ਤੇ ਸੱਟਾਂ ਦੇ ਨਿਸ਼ਾਨ ਸਨ। ਸ਼ਿਕਾਇਤ ਮੁਤਾਬਕ ਉਸ ਦੇ ਪੱਟਾਂ 'ਤੇ ਵੀ ਜ਼ਖਮ ਸਨ, ਜਿਸ ਨਾਲ ਬੱਚੀ ਦਾ ਯੌਨ ਸ਼ੋਸ਼ਣ ਹੋਣ ਦਾ ਵੀ ਸ਼ੱਕ ਹੈ। ਪੁਲਸ ਨੇ ਨਮੂਨੇ ਫਾਰੇਂਸਿਕ ਟੀਮ ਨੂੰ ਭੇਜ ਦਿੱਤੇ ਹਨ ਤੇ ਰਿਪੋਰਟ ਅਜੇ ਆਉਣੀ ਬਾਕੀ ਹੈ। ਪੁਲਸ ਨੇ ਦੱਸਿਆ ਕਿ ਜ਼ਹਿਰਾ ਪੰਜਾਬ ਦੇ ਕੋਟ ਅਦੂ ਦੀ ਰਹਿਣ ਵਾਲੀ ਸੀ ਤੇ ਜੋੜੇ ਨੇ ਆਪਣੇ ਇਕ ਸਾਲ ਦੇ ਬੱਚੇ ਦੀ ਦੇਖਭਾਲ ਲਈ ਚਾਰ ਮਹੀਨੇ ਪਹਿਲਾਂ ਉਸ ਨੂੰ ਕੰਮ 'ਤੇ ਰੱਖਿਆ ਸੀ। ਬੱਚੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜੋੜੇ ਨੇ ਬੱਚੀ ਨੂੰ ਕੰਮ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਪੜਾਉਣਗੇ। ਇਸ ਵਿਚਾਲੇ ਮਨੁੱਖੀ ਅਧਿਕਾਰ ਮੰਤਰੀ ਸ਼ੀਰੀਨ ਮਜ਼ਾਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਇਸ ਮਾਮਲੇ ਨੂੰ ਦੇਖ ਰਿਹਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਸਾਡਾ ਵਕੀਲ ਮਾਮਲੇ ਨੂੰ ਦੇਖ ਰਿਹਾ ਹੈ। ਪਤੀ-ਪਤਨੀ ਚਾਰ ਦਿਨ ਦੀ ਹਿਰਾਸਤ ਵਿਚ ਹਨ।

ਪਾਕਿਸਤਾਨ ਪੀਪਲਸ ਪਾਰਟੀ ਦੀ ਸੰਸਦ ਮੈਂਬਰ ਸ਼ੇਰੀ ਰਹਿਮਾਨ ਨੇ ਇਸ ਘਟਨਾ 'ਤੇ ਕਿਹਾ ਕਿ ਬਾਲ ਮਜ਼ਦੂਰੀ ਰੁਕਣੀ ਚਾਹੀਦੀ ਹੈ। ਪੀਪੀਪੀ ਦੀ ਇਕ ਹੋਰ ਨੇਤਾ ਸ਼ਰਮਿਲਾ ਫਾਰੁਕੀ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਪਰਾਧ ਦੀ ਭਿਆਨਕਤਾ ਹੈਰਾਨ ਕਰਨ ਵਾਲੀ ਹੈ।


Baljit Singh

Content Editor

Related News