ਸਵਿਟਜ਼ਰਲੈਂਡ ''ਚ ਜ਼ਮੀਨ ਖਿਸਕਣ ਤੋਂ ਬਾਅਦ ਤਿੰਨ ਦੇਸ਼ਾਂ ਦੇ 8 ਲੋਕ ਲਾਪਤਾ

08/24/2017 7:44:48 PM

ਜ਼ਿਊਰਿਕ— ਸੁਦੂਰ ਸਵਿਜ਼ ਘਾਟੀ 'ਚ ਜ਼ਮੀਨ ਖਿਸਕਣ ਕਾਰਨ ਅਗਲੇ ਹੀ ਦਿਨ ਜਰਮਨੀ, ਆਸਟਰੀਆ ਤੇ ਸਵਿਟਜ਼ਰਲੈਂਡ ਦੇ 8 ਲੋਕ ਲਾਪਤਾ ਹੋ ਗਏ, ਜਿਨ੍ਹਾਂ ਦੀ ਭਾਲ ਰਾਹਤ ਤੇ ਬਚਾਅ ਕਰਮਚਾਰੀਆਂ ਨੇ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ ਹੈ। 
ਬੁੱਧਵਾਰ ਨੂੰ ਜ਼ਮੀਨ ਖਿਸਕਣ ਕਾਰਨ ਆਏ ਚਿੱਕੜ ਤੇ ਚੱਟਾਨਾਂ ਨਾਲ ਪ੍ਰਭਾਵਿਤ ਗ੍ਰੀਸੰਸ ਦੇ ਪੂਰਬੀ ਕੈਂਟਨ ਸਥਿਤ ਪਿੰਡਾਂ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਨੂੰ ਬਾਅਦ 'ਚ ਹੈਲੀਕਾਪਟਰ ਰਾਹੀਂ ਮਦਦ ਪਹੁੰਚਾਈ ਗਈ। ਇਸ ਦੇ ਇਲਾਵਾ ਬੋਂਡੋ ਪਿੰਡ ਤੋਂ 100 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਪੁਲਸ ਨੇ ਦੱਸਿਆ ਕਿ ਲਾਪਤਾ ਅੱਠ ਲੋਕਾਂ ਦਾ ਅਜੇ ਪਤਾ ਨਹੀਂ ਲੱਗ ਸੱਕਿਆ ਹੈ। ਇਨ੍ਹਾਂ 'ਚੋਂ 6 ਦੇ ਲਾਪਤਾ ਹੋਣ ਦੀ ਸੂਚਨਾ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦਿੱਤੀ ਸੀ। ਇਸ ਦੇ ਇਲਾਵਾ ਵੱਖ-ਵੱਖ ਏਜੰਸੀਆਂ ਦੀਆਂ ਰਾਹਤ ਤੇ ਬਚਾਅ ਟੀਮਾਂ ਸੈਨਾ ਦੇ ਇਕ ਹੈਲੀਕਾਪਟਰ ਦੇ ਨਾਲ ਲਾਪਤਾ ਲੋਕਾਂ ਦੀ ਤਲਾਸ਼ ਕਰ ਰਹੀਆਂ ਹਨ।