ਬੰਗਲਾਦੇਸ਼ ਦੇ ਰਸਾਇਣਕ ਗੋਦਾਮਾਂ 'ਚ ਲੱਗੀ ਭਿਆਨਕ ਅੱਗ, 70 ਲੋਕਾਂ ਦੀ ਮੌਤ (ਵੀਡੀਓ)

02/21/2019 2:03:45 PM

ਢਾਕਾ(ਭਾਸ਼ਾ)— ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇਕ ਪੁਰਾਣੇ ਇਲਾਕੇ 'ਚ ਚੱਲਦੇ ਕੈਮੀਕਲ ਗੋਦਾਮਾਂ ਦੇ ਰੂਪ 'ਚ ਵਰਤੇ ਜਾਣ ਵਾਲੇ ਇਕ ਅਪਾਰਟਮੈਂਟ 'ਚ ਭਿਆਨਕ ਅੱਗ ਲੱਗ ਗਈ, ਇਸ ਕਾਰਨ ਘੱਟ ਤੋਂ ਘੱਟ 70 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਬੰਗਲਾਦੇਸ਼ ਦੇ ਫਾਇਰ ਫਾਈਟਰਜ਼ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਇਮਾਰਤ ਅੰਦਰੋਂ ਕਈ ਲਾਸ਼ਾਂ ਮਿਲੀਆਂ ਹਨ।ਅੱਗ ਦੀਆਂ ਲਪਟਾਂ ਸਾਰੀ ਇਮਾਰਤ ਤਕ ਫੈਲ ਗਈਆਂ ਸਨ। ਇਨ੍ਹਾਂ ਇਮਾਰਤਾਂ 'ਚ ਪਲਾਸਟਿਕ ਦੇ ਦਾਣੇ ਅਤੇ ਬਾਡੀ ਸਪ੍ਰੇਅ ਰੱਖੇ ਜਾਂਦੇ ਸਨ, ਇਸ ਦੇ ਇਲਾਵਾ ਰਸਾਇਣਕ ਗੋਦਾਮਾਂ ਦੇ ਰੂਪ 'ਚ ਵੀ ਇਨ੍ਹਾਂ ਨੂੰ ਵਰਤਿਆ ਜਾਂਦਾ ਸੀ।

 

ਸ਼ੁਰੂਆਤੀ ਜਾਂਚ 'ਚ ਕਿਹਾ ਗਿਆ ਹੈ ਕਿ ਸਿਲੰਡਰ ਫਟਣ ਕਾਰਨ ਅੱਗ ਲੱਗੀ, ਜੋ ਤੇਜ਼ੀ ਨਾਲ ਰਿਹਾਇਸ਼ੀ ਇਲਾਕਿਆਂ 'ਚ ਪੁੱਜ ਗਈ। ਮ੍ਰਿਤਕਾਂ 'ਚ ਬੱਚਿਆਂ ਅਤੇ ਔਰਤਾਂ ਵੀ ਸ਼ਾਮਲ ਹਨ।

ਅਧਿਕਾਰੀਆਂ ਨੇ ਕਿਹਾ,''ਜਦ ਅੱਗ ਲੱਗੀ ਤਾਂ ਟ੍ਰੈਫਿਕ ਜਾਮ ਲੱਗਾ ਹੋਇਆ ਸੀ, ਇਸ ਲਈ ਲੋਕ ਭੱਜ ਵੀ ਨਹੀਂ ਸਕੇ। ਜਿਸ ਥਾਂ ਅੱਗ ਲੱਗੀ ਉੱਥੇ ਗਲੀਆਂ ਬਹੁਤ ਹੀ ਤੰਗ ਹਨ।'' ਇਕ ਹੋਰ ਵਿਅਕਤੀ ਨੇ ਦੱਸਿਆ ਕਿ ਗੋਦਾਮਾਂ 'ਚ ਅੱਗ ਬੁੱਧਵਾਰ ਰਾਤ ਨੂੰ 10.40 ਵਜੇ ਲੱਗੀ। 

ਉਨ੍ਹਾਂ ਕਿਹਾ ਕਿ ਗੋਦਾਮ 'ਚ ਰੱਖੇ ਹੋਏ ਜਲਣਸ਼ੀਲ ਪਦਾਰਥਾਂ ਕਾਰਨ ਅੱਗ ਨੇ ਇੰਨਾ ਭਿਆਨਕ ਰੂਪ ਲੈ ਲਿਆ ਕਿ ਇਸ ਨੂੰ ਬੁਝਾਉਣ 'ਚ ਕਾਫੀ ਸਮਾਂ ਲੱਗਾ। ਢਾਕਾ ਮੈਡੀਕਲ ਕਾਲਜ ਹਸਪਤਾਲ 'ਚ ਇਕ ਪੁਲਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਘੱਟ ਤੋਂ ਘੱਟ 70 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਸਾਲ 2010 'ਚ ਅੱਗ ਦੀ ਅਜਿਹੀ ਹੀ ਘਟਨਾ ਇਕ ਪੁਰਾਣੀ ਇਮਾਰਤ 'ਚ ਵਾਪਰੀ ਸੀ, ਜਿਸ 'ਚ 120 ਤੋਂ ਵਧੇਰੇ ਲੋਕ ਮਾਰੇ ਗਏ ਸਨ।