7 ਸਾਲਾ ਬੱਚੇ ਨੇ ਵਿਆਹ ''ਚ ਕੀਤਾ ਰਾਤਭਰ ਡਾਂਸ, ਜਦੋਂ ਸੁੱਤਾ ਤਾਂ 11 ਦਿਨ ਬਾਅਦ ਉੱਠਿਆ

10/19/2017 10:10:11 AM

ਕੇਂਟਕੀ(ਬਿਊਰੋ)— ਨੀਂਦ ਸਿਹਤ ਲਈ ਜ਼ਰੂਰੀ ਹੁੰਦੀ ਹੈ ਪਰ ਕੀ ਕਦੇ ਅਜਿਹਾ ਹੋ ਸਕਦਾ ਹੈ ਕਿ ਕੋਈ ਇਨਸਾਨ ਨੀਂਦ ਤੋਂ 11 ਦਿਨ ਬਾਅਦ ਜਾਗੇ। ਅਜਿਹਾ ਹੋਇਆ ਹੈ ਅਮਰੀਕਾ ਦੇ ਕੇਂਟਕੀ ਦੇ ਏਲੀਜਾਬੇਥ ਕਸਬੇ ਵਿਚ। ਇਥੇ ਇਕ 7 ਸਾਲ ਦਾ ਬੱਚਾ ਲਗਾਤਾਰ 11 ਦਿਨਾਂ ਤੱਕ ਸੁੱਤਾ ਰਿਹਾ। ਇਲਾਜ ਕਰਨ ਵਾਲੇ ਡਾਕਟਰ ਵੀ ਹੈਰਾਨ ਹਨ। ਵਾਇਟ ਸ਼ਾ 1 ਅਕਤੂਬਰ ਦੀ ਰਾਤ ਨੂੰ ਇਕ ਵਿਆਹ ਸਮਾਰੋਹ ਵਿਚ ਡਾਂਸ ਕਰ ਰਿਹਾ ਸੀ। ਉਸ ਨੇ ਲਾੜੀ ਨਾਲ ਵੀ ਡਾਂਸ ਕੀਤਾ ਅਤੇ ਸਾਰਿਆਂ ਨੂੰ ਝੂੰਮਣ ਲਗਾ ਦਿੱਤਾ। ਸਮਾਰੋਹ ਦੇ ਬਾਅਦ ਘਰ ਆ ਕੇ ਸੋਣ ਚਲਾ ਗਿਆ ਪਰ ਫਿਰ ਸਿੱਧੇ 11 ਦਿਨ ਬਾਅਦ ਉੱਠਿਆ। ਭਾਵ ਉਹ 12 ਅਕਤੂਬਰ ਨੂੰ ਉੱਠਿਆ। ਖਬਰ ਅਵਿਸ਼ਵਾਸਯੋਗ ਹੈ ਪਰ ਸੱਚ ਹੈ।
ਵਾਇਟ ਦੀ ਮਾਂ ਐਮੀ ਸ਼ਾ ਨੇ ਅਗਲੀ ਸਵੇਰੇ ਉਸਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠਿਆ। ਉਨ੍ਹਾਂ ਸੋਚਿਆ ਕਿ ਰਾਤਭਰ ਡਾਂਸ ਕਰਨ ਤੋਂ ਬਾਅਦ ਉਹ ਥੱਕ ਗਿਆ ਹੋਵੇਗਾ, ਇਸ ਲਈ ਥੋੜ੍ਹਾ ਹੋਰ ਸੋਣ ਦਿੱਤਾ ਪਰ ਜਦੋਂ ਉਹ ਸੋਮਵਾਰ ਨੂੰ ਭਾਵ 2 ਅਕਤੂਬਰ ਨੂੰ ਦਿਨ ਭਰ ਸੁੱਤਾ ਰਿਹਾ ਤਾਂ ਮਾਂ ਪ੍ਰੇਸ਼ਾਨ ਹੋ ਗਈ। ਸ਼ਾ ਨੂੰ ਮਹਿਸੂਸ ਹੋਇਆ ਕਿ ਉਸ ਦਾ ਪੁੱਤਰ ਮੁਸ਼ਕਲ ਵਿਚ ਹੈ। ਉਹ ਆਪਣੇ ਬੇਟੇ ਨੂੰ ਲੈ ਕੇ ਤੁਰੰਤ ਡਾਕਟਰ ਕੋਲ ਗਈ। ਉਸ ਨੂੰ ਤੁਰੰਤ ਲੁਈਸਵਿਲ ਦੇ ਨਾਰਟਨ ਚਿਲਡਰਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਅਗਲੇ 10 ਦਿਨ ਤੱਕ ਸੁੱਤਾ ਰਿਹਾ।
ਡਾਕਟਰਾਂ ਨੇ ਕਈ ਟੈਸਟ ਕੀਤੇ ਪਰ ਬੀਮਾਰੀ ਦਾ ਠੀਕ ਪਤਾ ਨਹੀਂ ਲਗਾ ਸਕੇ। ਬਾਅਦ ਵਿਚ ਵਾਇਟ ਨੂੰ ਦਵਾਈਆਂ ਦਿੱਤੀਆਂ ਗਈਆਂ, ਜਿਸ ਨਾਲ ਉਸ ਦੀ ਸਿਹਤ ਵਿਚ ਸੁਧਾਰ ਹੋਇਆ ਅਤੇ ਉਹ ਉੱਠ ਗਿਆ। ਹਾਲਾਂਕਿ ਡਾਕਟਰ ਅਜੇ ਵੀ ਇਹ ਯਕੀਨੀ ਨਹੀਂ ਕਰ ਸਕੇ ਹਨ ਕਿ ਅਖੀਰ ਇਨ੍ਹੇ ਦਿਨਾਂ ਤੱਕ ਉਸ ਦੇ ਨੀਂਦ ਵਿਚ ਰਹਿਣ ਦੀ ਅਸਲ ਵਜ੍ਹਾ ਕੀ ਸੀ। ਉਸ ਨੂੰ ਬੋਲਣ ਅਤੇ ਚੱਲਣ ਵਿਚ ਵੀ ਸਮੱਸਿਆ ਹੋ ਰਹੀ ਹੈ। ਮੈਡੀਕਲ ਮਾਹਰਾਂ ਦਾ ਮੰਨਣਾ ਹੈ ਕਿ ਇਹ ਹਾਈਪੋਥੈਲਮਸ ਅਤੇ ਥੈਲਮਸ ਵਿਚ ਵਿਕਾਰ ਕਾਰਨ ਅਜਿਹਾ ਹੋਇਆ ਹੋਵੇਗਾ। ਹਸਪਤਾਲ ਵਿਚ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਸਾਨੂੰ ਕਦੇ ਵੀ ਇਸ ਦੀ ਵਜ੍ਹਾ ਪਤਾ ਨਾ ਲੱਗੇ ਪਰ ਵਾਇਟ ਦੀ ਸਿਹਤ ਵਿਚ ਹੁਣ ਸੁਧਾਰ ਹੋ ਰਿਹਾ ਹੈ।