ਪਾਕਿਸਤਾਨ 'ਚ ਆਤਮਘਾਤੀ ਬੰਬ ਧਮਾਕਾ, 7 ਲੋਕਾਂ ਦੀ ਮੌਤ ਤੇ ਕਈ ਜ਼ਖਮੀ

12/17/2017 3:24:08 PM

ਕੋਇਟਾ— ਪਾਕਿਸਤਾਨ ਦੇ ਅਸ਼ਾਂਤ ਪ੍ਰਾਂਤ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ 'ਚ ਐਤਵਾਰ ਨੂੰ ਇਕ ਚਰਚ 'ਚ ਆਤਮਘਾਤੀ ਬੰਬ ਧਮਾਕਾ ਹੋਇਆ। ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ 'ਚ 7 ਲੋਕਾਂ ਦੀ ਮੌਤ ਹੋ ਗਈ ਤੇ ਹੋਰ 20 ਜ਼ਖਮੀ ਹੋ ਗਏ। ਡੀ.ਆਈ.ਜੀ ਨੇ ਦੱਸਿਆ ਕਿ ਜਦ ਪੁਲਸ ਨੇ ਇਕ ਅੱਤਵਾਦੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਤਾਂ ਦੋ ਹਮਲਾਵਰ ਉੱਥੋਂ ਦੌੜ ਗਏ। 
ਇਸ ਮਗਰੋਂ ਪੁਲਸ ਨੇ ਇਨ੍ਹਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਮਾਰ ਦਿੱਤਾ। ਅਜੇ ਤਕ ਕਿਸੇ ਵੀ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਇਸ ਤੋਂ ਪਹਿਲਾਂ ਤਾਲਿਬਾਨੀ ਅੱਤਵਾਦੀ ਈਸਾਈਆਂ 'ਤੇ ਹਮਲੇ ਕਰ ਚੁੱਕੇ ਹਨ। ਕੋਇਟਾ ਦੇ ਹਸਪਤਾਲਾਂ 'ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਪੁਲਸ ਤੇ ਬਚਾਅ ਦਲ ਘਟਨਾ ਵਾਲੀ ਥਾਂ 'ਤੇ ਲੋਕਾਂ ਦੀ ਮਦਦ ਕਰ ਰਹੇ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਅਹਿਸਾਨ ਇਕਬਾਲ ਨੇ ਇਸ ਦੁਖਦਾਈ ਘਟਨਾ ਦੀ ਨਿੰਦਾ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ 3 ਸਾਲ ਪਹਿਲਾਂ 2014 'ਚ ਪੇਸ਼ਾਵਰ ਸਕੂਲ 'ਚ ਹਮਲੇ ਦੌਰਾਨ ਲਗਭਗ 150 ਲੋਕਾਂ ਦੀ ਮੌਤ ਹੋ ਗਈ ਸੀ, ਜਿਸ 'ਚ ਵਧੇਰੇ ਵਿਦਿਆਰਥੀ ਸਨ।