ਇੰਡੋਨੇਸ਼ੀਆ 'ਚ 7.6 ਤੀਬਰਤਾ ਦਾ ਭੂਚਾਲ, ਆਸਟ੍ਰੇਲੀਆ 'ਚ ਵੀ ਮਹਿਸੂਸ ਕੀਤੇ ਗਏ ਝਟਕੇ

01/10/2023 10:55:27 AM

ਜਕਾਰਤਾ (ਭਾਸ਼ਾ)- ਡੂੰਘੇ ਸਮੁੰਦਰ ਵਿੱਚ ਆਏ ਭੂਚਾਲ ਦੇ ਪ੍ਰਭਾਵ ਨਾਲ ਪੂਰਬੀ ਇੰਡੋਨੇਸ਼ੀਆ ਦੇ ਇੱਕ ਪਿੰਡ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਇਸ ਦੇ ਝਟਕੇ ਉੱਤਰੀ ਆਸਟ੍ਰੇਲੀਆ 'ਚ ਵੀ ਮਹਿਸੂਸ ਕੀਤੇ ਗਏ। ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਏਜੰਸੀ ਨੇ 7.6 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ, ਜਿਸ ਨੂੰ ਤਿੰਨ ਘੰਟੇ ਬਾਅਦ ਵਾਪਸ ਲੈ ਲਿਆ ਗਿਆ। 

ਏਜੰਸੀ ਦੇ ਮੁਖੀ ਡਵਿਕੋਰਿਤਾ ਕਰਨਾਵਤੀ ਨੇ ਕਿਹਾ ਕਿ ਭੂਚਾਲ ਤੋਂ ਬਾਅਦ ਕੋਈ ਮਹੱਤਵਪੂਰਨ ਸਮੁੰਦਰੀ ਬਦਲਾਅ ਨਹੀਂ ਹੋਇਆ ਹੈ। ਭੂਚਾਲ ਦੇ ਝਟਕੇ ਪਾਪੂਆ ਅਤੇ ਪੂਰਬੀ ਨੁਸਾ ਟੇਂਗਾਰਾ ਪ੍ਰਾਂਤਾਂ ਸਮੇਤ ਕਈ ਖੇਤਰਾਂ ਵਿੱਚ ਮਹਿਸੂਸ ਕੀਤੇ ਗਏ। ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਏਜੰਸੀ ਨੂੰ ਦੱਖਣ-ਪੱਛਮੀ ਮਲੂਕੂ ਦੇ ਵਾਟੂਵੇ ਪਿੰਡ ਵਿੱਚ ਘਰਾਂ ਅਤੇ ਕਮਿਊਨਿਟੀ ਇਮਾਰਤਾਂ ਨੂੰ ਨੁਕਸਾਨ ਹੋਣ ਦੀ ਰਿਪੋਰਟ ਮਿਲੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, PM ਨੇ ਪੀੜਤਾਂ ਲਈ ਸਹਾਇਤਾ ਦਾ ਕੀਤਾ ਐਲਾਨ

ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਆਸਟ੍ਰੇਲੀਆ ਦੇ ਉੱਤਰੀ ਸਿਰੇ ਤੋਂ 105 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਜਦੋਂ ਭੂਚਾਲ ਦਾ ਕੇਂਦਰ ਡੂੰਘਾਈ 'ਤੇ ਹੁੰਦਾ ਹੈ, ਤਾਂ ਇਹ ਸਤ੍ਹਾ 'ਤੇ ਘੱਟ ਨੁਕਸਾਨ ਪਹੁੰਚਾਉਂਦਾ ਹੈ, ਪਰ ਇਸ ਦੇ ਝਟਕੇ ਵੱਡੇ ਖੇਤਰ 'ਤੇ ਮਹਿਸੂਸ ਕੀਤੇ ਜਾਂਦੇ ਹਨ। ਜਿਓਸਾਇੰਸ ਆਸਟ੍ਰੇਲੀਆ ਏਜੰਸੀ ਦੇ ਅਨੁਸਾਰ, ਡਾਰਵਿਨ ਸ਼ਹਿਰ ਸਮੇਤ ਉੱਤਰੀ ਆਸਟ੍ਰੇਲੀਆ ਵਿੱਚ 1,000 ਤੋਂ ਵੱਧ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। 'ਦਿ ਜੁਆਇੰਟ ਆਸਟ੍ਰੇਲੀਅਨ ਸੁਨਾਮੀ ਵਾਰਨਿੰਗ ਸੈਂਟਰ' ਦੇ ਅਨੁਸਾਰ, ਭੂਚਾਲ ਤੋਂ ਮੁੱਖ ਭੂਮੀ ਜਾਂ ਕਿਸੇ ਟਾਪੂ ਜਾਂ ਖੇਤਰ ਨੂੰ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana