ਹੈਤੀ 'ਚ 7.2 ਦੀ ਤੀਬਰਤਾ ਦਾ ਭੂਚਾਲ, 300 ਤੋਂ ਵੱਧ ਲੋਕਾਂ ਦੀ ਮੌਤ ਤੇ ਪੀ.ਐੱਮ ਵੱਲੋਂ ਐਮਰਜੈਂਸੀ ਦਾ ਐਲਾਨ

08/15/2021 10:21:56 AM

ਪੋਰਟ ਓ ਪ੍ਰਿੰਸ (ਬਿਊਰੋ): ਕੈਰੀਬੀਆਈ ਦੇਸ਼ ਹੈਤੀ ਵਿਚ ਸ਼ਨੀਵਾਰ ਨੂੰ ਸ਼ਕਤੀਸ਼ਾਲੀ 7.2 ਦੀ ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਵਿਚ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ਭੂਚਾਲ ਕਾਰਨ ਘੱਟੋ-ਘੱਟ 304 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਦਕਿ 1800 ਲੋਕ ਜ਼ਖਮੀ ਹੋਏ ਹਨ। ਭਿਆਨਕ ਭੂਚਾਲ ਦੇ ਬਾਅਦ ਇੱਥੇ ਕਈ ਇਮਾਰਤਾਂ ਮਲਬਿਆਂ ਵਿਚ ਤਬਦੀਲ ਹੋ ਗਈਆਂ। ਹੈਤੀ ਦੇ ਪੀ.ਐੱਮ ਏਰੀਅਲ ਹੈਨਰੀ ਨੇ ਕਿਹਾ ਕਿ ਉਹ ਲੋੜਵੰਦ ਲੋਕਾਂ ਦੀ ਮਦਦ ਲਈ ਹਰ ਸੰਭਵ ਉਪਾਅ ਕਰ ਰਹੇ ਹਨ। ਹਸਪਤਾਲ ਵਿਚ ਜ਼ਖਮੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ।

ਪੀ.ਐੱਮ ਨੇ ਐਮਰਜੈਂਸੀ ਦਾ ਕੀਤਾ ਐਲਾਨ
ਯੂ.ਐੱਸ. ਜੀਓਲੌਜੀਕਲ ਸਰਵੇ ਮੁਤਾਬਕ ਭੂਚਾਲ ਦਾ ਕੇਂਦਰ ਹੈਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ, ਹੈਤੀ ਤੋਂ 125 ਕਿਲੋਮੀਟਰ ਪੱਛਮ ਵਿਚ ਸੀ। ਹੈਤੀ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਕਿ ਇਸ ਘਟਨਾ ਵਿਚ ਹੁਣ ਤੱਕ 304 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਬਚਾਅ ਅਤੇ ਰਾਹਤ ਕੰਮ ਕਰ ਰਹੀਆਂ ਟੀਮਾਂ ਨੇ ਕਈ ਲੋਕਾਂ ਨੂੰ ਮਲਬੇ ਹੇਠੋਂ ਸੁਰੱਖਿਅਤ ਕੱਢਿਆ ਹੈ। ਏਜੰਸੀ ਵੱਲੋਂ ਕਿਹਾ ਗਿਆ ਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਹੈਤੀ ਦੇ ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਇਕ ਮਹੀਨੇ ਲਈ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਨੁਕਸਾਨ ਦਾ ਸਹੀ ਅੰਦਾਜਾ ਨਾ ਲਗਾਏ ਜਾਣ ਤੱਕ ਉਹ ਅੰਤਰਰਾਸ਼ਟਰੀ ਮਦਦ ਨਹੀਂ ਮੰਗਣਗੇ। ਉਹਨਾਂ ਨੇ ਕਿਹਾ ਕਿ ਕੁਝ ਕਸਬੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। 

ਪੜ੍ਹੋ ਇਹ ਅਹਿਮ ਖਬਰ - ਭਾਰਤ ਤੋਂ ਸਿੱਧੀਆਂ ਉਡਾਣਾਂ ਬੰਦ, 2 ਲੱਖ ਰੁਪਏ ਖ਼ਰਚ ਕੇ ਕੈਨੇਡਾ ਜਾ ਰਹੇ ਨੇ ਵਿਦਿਆਰਥੀ 

ਤੱਟੀ ਸ਼ਹਿਰ ਲੇਸ ਕੇਜ ਵਿਚ ਯੋਜਨਾ ਬਣਾਉਣ ਅਤੇ ਲੋਕਾਂ ਦੀ ਮਦਦ ਲੋਕ ਜੁਟੇ ਹੋਏ ਹਨ।ਪ੍ਰਧਾਨ ਮੰਤਰੀ ਹੈਨਰੀ ਨੇ ਫਿਲਹਾਲ ਮਲਬੇ ਵਿਚ ਫਸੇ ਲੋਕਾਂ ਨੂੰ ਬਚਾਉਣਾ ਤਰਜੀਹ ਦੱਸਿਆ ਹੈ ਅਤੇ ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ।ਪੀ.ਐੱਮ. ਹੈਨਰੀ ਨੇ ਇਸ ਮਗਰੋਂ ਲੇਸ ਕੇਅਸ ਲਈ ਜਹਾਜ਼ ਜ਼ਰੀਏ ਉਡਾਣ ਭਰੀ। ਇਸ ਤੋਂ ਪਹਿਲਾਂ ਹੈਤੀ ਵਿਚ 2010 ਵਿਚ ਆਏ ਭੂਚਾਲ ਵਿਚ 3 ਲੱਖ ਲੋਕ ਮਾਰੇ ਗਏ ਸਨ। ਇਸ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ USAID ਐਡਮਿਨਿਸਟ੍ਰੇਟਰ ਸਮੰਥਾ ਪਾਵਰ ਹੈਤੀ ਦੀ ਮਦਦ ਵਿਚਕਾਰ ਤਾਲਮੇਲ ਬਣਾਉਣ ਲਈ ਕਿਹਾ। ਬਾਈਡੇਨ ਨੇ ਕਿਹਾ ਕਿ ਅਮਰੀਕਾ ਹੈਤੀ ਵਿਚ ਹੋਏ ਨੁਕਸਾਨ ਦਾ ਜਾਇਜਾ ਲਵੇਗਾ ਅਤੇ ਹੈਤੀ ਨੂੰ ਮੁੜ ਖੜ੍ਹਾ ਹੋਣ ਵਿਚ ਮਦਦ ਦਿੱਤੀ ਜਾਵੇਗੀ।

Vandana

This news is Content Editor Vandana