7000 ਨੈਸ਼ਨਲ ਗਾਰਡ ਮੈਂਬਰ ਵਾਸ਼ਿੰਗਟਨ ''ਚ ਮਾਰਚ ਤੱਕ ਦੇਣਗੇ ਸੇਵਾਵਾਂ

01/25/2021 9:36:45 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਟਰੰਪ ਹਿਮਾਇਤੀਆਂ ਵਲੋਂ ਹਿੰਸਕ ਪ੍ਰਦਰਸ਼ਨ ਦੇ ਖਦਸ਼ੇ ਨੂੰ ਮੱਦੇਨਜ਼ਰ ਰੱਖਦਿਆਂ ਤਕਰੀਬਨ 25,000 ਨੈਸ਼ਨਲ ਗਾਰਡ ਮੈਂਬਰਾਂ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਤਾਇਨਾਤੀ ਕੀਤੀ ਗਈ ਸੀ। ਹੁਣ ਇਸ ਸਮਾਗਮ ਦੇ ਬਾਅਦ ਵੀ ਤਕਰੀਬਨ 7000 ਨੈਸ਼ਨਲ ਗਾਰਡ ਮੈਂਬਰ ਮਾਰਚ ਮਹੀਨੇ ਦੇ ਅੱਧ ਤੱਕ ਸੁਰੱਖਿਆ ਕਾਰਨਾਂ ਕਰਕੇ ਰਾਜਧਾਨੀ ਵਿਚ ਤਾਇਨਾਤ ਰਹਿਣਗੇ। 

ਇਸ ਸੰਬੰਧੀ ਜਨਰਲ ਡੈਨੀਅਲ ਹੋਕਾਨਸਨ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਭਾਵਤ ਘਰੇਲੂ ਗੜਬੜੀਆਂ ਬਾਰੇ ਚਿੰਤਤ ਫੈਡਰਲ ਸੁਰੱਖਿਆ ਏਜੰਸੀਆਂ ਦੀ ਸਹਾਇਤਾ ਲਈ ਤਕਰੀਬਨ 7 ਹੋਰ ਹਫ਼ਤਿਆਂ ਤੱਕ 7,000 ਰਾਸ਼ਟਰੀ ਗਾਰਡ ਵਾਸ਼ਿੰਗਟਨ ਵਿਚ ਰਹਿਣਗੇ। 

ਇਸ ਦੌਰਾਨ ਹੋਕਾਨਸਨ ਨੇ ਰਾਜਧਾਨੀ ਦੇ ਵਿਸ਼ਾਲ ਕੈਪੀਟਲ ਵਿਜ਼ਿਟਰ ਸੈਂਟਰ ਵਿਖੇ ਇੰਡੀਆਨਾ ਅਤੇ ਵਰਜੀਨੀਆ ਦੇ ਗਾਰਡਾਂ ਨਾਲ ਮੁਲਾਕਾਤ ਕੀਤੀ ਅਤੇ ਆਰਾਮ ਕਰ ਰਹੇ ਫ਼ੌਜੀਆਂ ਦੀਆਂ ਜ਼ਰੂਰਤਾਂ ਬਾਰੇ ਵੀ ਜਾਇਜ਼ਾ ਲਿਆ। ਇਸ ਦੇ ਇਲਾਵਾ ਜਨਰਲ ਹੋਕਾਨਸਨ ਨੇ ਉਦਘਾਟਨ ਦਿਵਸ 'ਤੇ ਸੁਰੱਖਿਆ ਦੇਣ ਵਾਲੇ 25,000 ਰਾਸ਼ਟਰੀ ਗਾਰਡਾਂ ਵਿਚੋਂ 200 ਤੋਂ ਘੱਟ ਮੈਂਬਰਾਂ ਦੇ ਕੋਵਿਡ-19 ਪੀੜਤ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲਾਗ ਵਾਲੇ ਗਾਰਡ ਮੈਂਬਰ ਵਾਸ਼ਿੰਗਟਨ ਵਿਚ ਹੀ ਰਹਿਣਗੇ ਜਦੋਂ ਕਿ ਉਦਘਾਟਨ ਦਿਵਸ ਮੌਕੇ ਸੇਵਾਵਾਂ ਦੇਣ ਵਾਲੇ 25,000 ਗਾਰਡ ਵਿੱਚੋਂ ਕੁੱਝ ਸ਼ਨੀਵਾਰ ਨੂੰ ਆਪਣੇ ਰਾਜਾਂ ਨੂੰ ਪਰਤਣੇ ਸ਼ੁਰੂ ਹੋ ਗਏ ਹਨ।

Lalita Mam

This news is Content Editor Lalita Mam