ਬਲੋਚਿਸਤਾਨ ’ਚ 68 ਪੁਲਸ ਅਧਿਕਾਰੀਆਂ ਨੇ ਨਹੀਂ ਮੰਨਿਆ ਹੁਕਮ, ਮੁਅੱਤਲ ਕਰਕੇ ਦਿੱਤੇ ਜਾਂਚ ਦੇ ਹੁਕਮ

03/06/2023 10:35:24 AM

ਬਲੋਚਿਸਤਾਨ (ਏ. ਐੱਨ. ਆਈ.)– ਬਲੋਚਿਸਤਾਨ ’ਚ 68 ਪੁਲਸ ਅਧਿਕਾਰੀਆਂ ਨੇ ਆਪਣੇ ਉੱਚ ਅਧਿਕਾਰੀਆਂ ਦੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਸਾਰਿਆਂ ਨੂੰ ਬਲੋਚਿਸਤਾਨ ਦੇ ਪੁਲਸ ਇੰਸਪੈਕਟਰ ਜਨਰਲ ਅਬਦੁਲ ਖਾਲਿਕ ਸ਼ੇਖ ਨੇ ਮੁਅੱਤਲ ਕਰ ਦਿੱਤਾ ਹੈ।

ਮੁਅੱਤਲ ਪੁਲਸ ਅਧਿਕਾਰੀਆਂ ’ਚ 5 ਸਟੇਸ਼ਨ ਹਾਊਸ ਆਫਿਸਰ (ਐੱਸ. ਐੱਚ. ਓ.), 48 ਸਬ-ਇੰਸਪੈਕਟਰ, 2 ਸਹਾਇਕ ਸਬ-ਇੰਸਪੈਕਟਰ, 1 ਸੀ. ਆਈ. ਏ. ਅਧਿਕਾਰੀ ਤੇ 10 ਹੋਰ ਪੁਲਸ ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਦੇ ਮੁਅੱਤਲੀ ਦੀ ਸੂਚਨਾ ਵੀ ਜਾਰੀ ਕਰ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ 23 ਸਾਲਾ ਭਾਰਤੀ ਵਿਦਿਆਰਥੀ ਹੋਇਆ ਲਾਪਤਾ, ਪਰਿਵਾਰ ਚਿੰਤਤ

ਸੂਤਰਾਂ ਅਨੁਸਾਰ ਮੁਅੱਤਲੀ ਤੋਂ ਪਹਿਲਾਂ ਪੁਲਸ ਪ੍ਰਮੁੱਖ ਨੇ ਉਕਤ ਅਧਿਕਾਰੀਆਂ ਨੂੰ ਲਾਜ਼ਮੀ ਅਧਿਆਪਨ ਲਈ ਕਵੇਟਾ ’ਚ ਪੁਲਸ ਟ੍ਰੇਨਿੰਗ ਕਾਲਜ ’ਚ ਸ਼ਾਮਲ ਹੋਣ ਤੇ ਅਧਿਆਪਕ ਦੇ ਰੂਪ ’ਚ ਕੰਮ ਕਰਨ ਦਾ ਹੁਕਮ ਦਿੱਤਾ ਸੀ ਪਰ ਉਨ੍ਹਾਂ ਨੇ ਆਈ. ਜੀ. ਦੇ ਹੁਕਮ ਦੀ ਪਾਲਣਾ ਨਹੀਂ ਕੀਤੀ।

ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦਿਆਂ ਆਈ. ਜੀ. ਸ਼ੇਖ ਨੇ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਮਹਿਕਮਾਨਾ ਜਾਂਚ ਦੇ ਵੀ ਹੁਕਮ ਦਿੱਤੇ ਹਨ। ਮੁਅੱਤਲ ਅਧਿਕਾਰੀਆਂ ’ਚ ਐੱਸ. ਐੱਚ. ਓ. ਦੁਰਾਨੀ ਖ਼ਾਨ, ਗਵਾਲਮੰਡੀ ਦੇ ਐੱਸ. ਐੱਚ. ਓ. ਏਜਾਜ਼ ਅਹਿਮਦ, ਕੈਦਾਬਾਦ ਦੇ ਐੱਸ. ਐੱਚ. ਓ. ਸਲੀਮ ਰਜ਼ਾ, ਜਰਗੁਨਾਬਾਦ ਦੇ ਐੱਸ. ਐੱਚ. ਓ. ਆਸਿਫ ਮਰਵਤ, ਸਿਵਲ ਲਾਈਨਸ ਦੇ ਐੱਸ. ਐੱਚ. ਓ. ਮੇਥਾ ਖ਼ਾਨ ਸ਼ਾਮਲ ਹਨ। ਮੁਅੱਤਲ ਅਧਿਕਾਰੀਆਂ ’ਚ ਸੀ. ਆਈ. ਏ. ਅਧਿਕਾਰੀ ਨਿਜ਼ਾਮ ਖ਼ਾਨ ਵੀ ਸ਼ਾਮਲ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh