ਅਮਰੀਕਾ : ਫੇਫੜੇ ਖਰਾਬ ਹੋਣ ਕਾਰਨ 5 ਮਹੀਨਿਆਂ ’ਚ ਹੋਈਆਂ 68 ਮੌਤਾਂ

02/26/2020 11:59:23 AM

ਵਾਸ਼ਿੰਗਟਨ— ਅਮਰੀਕਾ ਦੇ ਰੋਗ ਕੰਟਰੋਲ ਕੇਂਦਰ ਨੇ ਦੱਸਿਆ ਕਿ ਦੇਸ਼ ’ਚ ਵੈਪਿੰਗ ਅਤੇ ਈ. ਵੀ. ਏ. ਐੱਲ. ਆਈ. ਕਾਰਨ ਘੱਟ ਤੋਂ ਘੱਟ 68 ਲੋਕਾਂ ਦੀ ਮੌਤ ਹੋਈ ਹੈ। ਸੀ. ਡੀ. ਸੀ. ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ’ਚ ਦੱਸਿਆ ਕਿ ਦੇਸ਼ ਦੇ 29 ਸੂਬਿਆਂ ਅਤੇ ਵਾਸ਼ਿੰਗਟਨ ’ਚ ਪਿਛਲੇ ਸਾਲ ਸਤੰਬਰ ਤੋਂ 18 ਫਰਵਰੀ ਤਕ 68 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ। 

ਅਮਰੀਕੀ ਰਿਪੋਰਟ ਮੁਤਾਬਕ 18 ਫਰਵਰੀ ਤਕ ਈ-ਸਿਗਰਟ, ਵੈਪਿੰਗ ਅਤੇ ਫੇਫੇੜੇ ਸਬੰਧੀ ਵਾਇਰਸ ਦੇ 2807 ਮਾਮਲੇ ਦਰਜ ਕੀਤੇ ਗਏ। ਹਾਲਾਂਕਿ ਸੀ. ਡੀ. ਸੀ. ਨੇ ਇਹ ਵੀ ਕਿਹਾ ਕਿ ਸਤੰਬਰ 2019 ਤੋਂ ਈ. ਵੀ. ਏ. ਐੱਲ. ਆਈ. ਦੇ ਮਾਮਲਿਆਂ ’ਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਡਾਟਾ ਮੁਤਾਬਕ ਮਿ੍ਰਤਕਾਂ ਦੀ ਉਮਰ 15 ਤੋਂ 75 ਸਾਲ ਦੀ ਸੀ। ਹੈਰਾਨੀ ਦੀ ਗੱਲ ਹੈ ਕਿ 15 ਸਾਲਾ ਬੱਚਿਆਂ ’ਚ ਵੀ ਇਸ ਬੀਮਾਰੀ ਦੇ ਲੱਛਣ ਪਾਏ ਗਏ ਤੇ ਉਹ ਮੌਤ ਦੇ ਮੂੰਹ ’ਚ ਚਲੇ ਗਏ। ਹੈਨਰੀ ਫੋਰਡ ਹਸਪਤਾਲ ਮੁਤਾਬਕ ਨਵੰਬਰ ਮਹੀਨੇ 17 ਸਾਲਾ ਬੱਚੇ ਦੀ ਉਸੇ ਸਮੇਂ ਮੌਤ ਹੋ ਗਈ ਜਦਕਿ ਉਸ ਦੇ ਫੇਫੜਿਆਂ ਦਾ ਦੋ ਵਾਰ ਇਲਾਜ ਕੀਤਾ ਗਿਆ ਸੀ।