UK ''ਚ ਗੁਲਾਮ ਪ੍ਰਥਾ ਤੇ ਨਸਲਵਾਦ ਨਾਲ ਜੁੜੇ ਰਹੇ ਲੋਕਾਂ ਦੇ 60 ਹੋਰ ਬੁੱਤ "ਹਿੱਟ ਲਿਸਟ" ''ਤੇ

06/12/2020 8:12:43 AM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਅਮਰੀਕਾ 'ਚ ਜਾਰਜ ਫਲਾਇਡ ਦੇ ਹਿਰਾਸਤੀ ਕਤਲ ਦਾ ਸੇਕ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚ ਗਿਆ ਹੈ। ਬਰਤਾਨੀਆ ਵਿਚ ਹੋ ਰਹੇ ਮੁਜਾਹਰਿਆਂ ਨੇ ਇੱਕ ਨਵੀਂ ਮੁਹਿੰਮ ਦਾ ਆਗਾਜ਼ ਕੀਤਾ ਹੈ, ਉਹ ਹੈ ਗੁਲਾਮ ਪ੍ਰਥਾ ਤੇ ਨਸਲਵਾਦ ਨਾਲ ਸਿੱਧੇ ਅਸਿੱਧੇ ਢੰਗ ਨਾਲ ਜੁੜੇ ਰਹੇ ਲੋਕਾਂ ਦੇ ਬੁੱਤ ਹਟਾਉਣ ਦੀ ਮੁਹਿੰਮ।

ਬਰਿਸਟਲ ਵਿਖੇ ਲੱਗੇ ਗੁਲਾਮਾਂ ਦੇ ਵਪਾਰੀ ਐਡਵਰਡ ਕੋਲਸਟਨ ਦਾ ਬੁੱਤ ਪੁੱਟ ਕੇ ਨਦੀ ਵਿੱਚ ਸੁੱਟਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਤੇ ਮਾਨਵਤਾਵਾਦੀ ਸੋਚ ਵਾਲੇ ਮੁਹਿੰਮਕਾਰੀਆਂ ਨੇ ਦੇਸ਼ ਭਰ ਦੇ ਅਜਿਹੇ ਬੁੱਤਾਂ ਨੂੰ ਹਟਾਉਣ ਦੀ ਮੁਹਿੰਮ ਵਿੱਢ ਦਿੱਤੀ ਹੈ, ਜਿਨ੍ਹਾਂ ਦੇ ਬੁੱਤ ਜਨਤਕ ਥਾਂਵਾਂ 'ਤੇ ਲਾਉਣੇ ਕਿਸੇ ਵੀ ਪੱਖੋਂ ਤਰਕਸੰਗਤ ਦਿਖਾਈ ਨਹੀਂ ਦਿੰਦੇ। ਹੁਣ ਦੇਸ਼ ਭਰ ਵਿੱਚ 60 ਦੇ ਕਰੀਬ ਬੁੱਤਾਂ ਦੀ ਨਿਸ਼ਾਨਦੇਹੀ ਕਰਕੇ ਨਸਲਵਾਦ ਦੇ ਹਾਮੀ ਰਹੇ ਲੋਕਾਂ ਦੇ ਬੁੱਤ ਜਨਤਕ ਥਾਵਾਂ ਤੋਂ ਹਟਾਉਣ ਲਈ ਪਟੀਸ਼ਨ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਵਿੱਚ ਕਿੰਗ ਚਾਰਲਸ ਦੋਇਮ, ਓਲੀਵਰ ਕਰੌਮਵੈੱਲ, ਹੋਰਾਤੀਓ ਨੈਲਸਨ, ਸਰ ਫਰਾਂਸਿਸ ਡਰੇਕ, ਸਮੇਤ ਉਹ ਸਾਰੇ ਨਾਂ ਸ਼ਾਮਿਲ ਹਨ ਜੋ ਗੁਲਾਮ ਪ੍ਰਥਾ ਜਾਂ ਬਸਤੀਵਾਦੀ ਦੌਰ ਸਮੇਂ ਨਸਲਵਾਦ ਨੂੰ ਹੁਲਾਰਾ ਦਿੰਦੇ ਰਹੇ ਸਨ।

'ਬਲੈਕ ਲਾਈਵਜ਼ ਮੈਟਰ' ਦੇ ਬੈਨਰ ਹੇਠ ਲੋਕਾਂ ਨੂੰ ਪਟੀਸ਼ਨ 'ਤੇ ਦਸਤਖਤ ਕਰਨ ਅਤੇ ਹੋਰ ਰਹਿੰਦੇ ਨਾਂਵਾਂ ਦੀ ਨਿਸ਼ਾਨਦੇਹੀ ਕਰਕੇ ਸ਼ਾਮਲ ਕਰਵਾਉਣ ਦੀ ਅਪੀਲ ਵੀ ਕੀਤੀ ਗਈ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਸਾਊਥ ਏਅਰਸ਼ਾਇਰ, ਗਲਾਸਗੋ, ਲੰਡਨ, ਲੀਡਜ਼, ਮਾਨਚੈਸਟਰ, ਵਿਰਲ, ਡੈਨਬਿਗ, ਹਾਵਰਡੀਨ, ਰੈਕਸਮ, ਐਸ਼ਬੌਰਨ, ਸ਼ਰਿਊਜ਼ਬਰੀ, ਕੈਂਬਰਿਜ਼, ਕਾਰਡਿਫ, ਕਰਮਾਰਥਨ, ਬਰੈਕਨ, ਔਕਸਫੋਰਡ, ਬਰਿਸਟਲ, ਸਨਬਰੀ ਓਨ ਥੇਮਜ਼, ਚੈਥਮ, ਬਰਾਈਟਨ, ਐਕਸਟਰ, ਪਲਿਮਥ ਆਦਿ ਸਹਿਰਾਂ ਦੇ ਨਾਂ ਵਰਨਣਯੋਗ ਹਨ, ਜਿੱਥੇ ਨਸਲਵਾਦ ਦੇ ਹਾਮੀ ਰਹੇ ਲੋਕਾਂ ਦੇ ਬੁੱਤ ਜਨਤਕ ਥਾਂਵਾਂ ਦੇ ਸ਼ਿੰਗਾਰ ਬਣਾਏ ਗਏ ਹਨ। 

ਇਸ ਮੁਹਿੰਮ ਤਹਿਤ ਬਰਿਸਟਲ ਤੋਂ ਬਾਅਦ ਵੱਡੀ ਜਿੱਤ ਲੰਡਨ ਦੇ ਡੌਕਲੈਂਡਜ਼ ਅਜਾਇਬ ਘਰ ਦੇ ਬਾਹਰੋਂ 18ਵੀਂ ਸਦੀ ਦੇ ਗੁਲਾਮਾਂ ਦੇ ਵਪਾਰੀ ਰਹੇ ਰੌਬਰਟ ਮਿਲੀਗਨ ਦਾ ਬੁੱਤ ਹਟਾਉਣ ਵਜੋਂ ਹੋਈ ਹੈ। 3000 ਤੋਂ ਵੱਧ ਲੋਕਾਂ ਨੇ ਇਸ ਬੁੱਤ ਨੂੰ ਹਟਾਉਣ ਲਈ ਪਟੀਸ਼ਨ 'ਤੇ ਦਸਤਖਤ ਕੀਤੇ ਸਨ ਅਤੇ ਬੈਨਰਾਂ ਨਾਲ ਲਗਭਗ ਇਸ ਬੁੱਤ ਨੂੰ ਢੱਕ ਵੀ ਦਿੱਤਾ ਸੀ। ਜ਼ਿਕਰਯੋਗ ਹੈ ਕਿ ਮਿਲੀਗਨ ਕੋਲ ਜਮਾਇਕਾ ਵਿੱਚ 526 ਗੁਲਾਮ ਸਨ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਸਾਰੀਆਂ ਮੂਰਤੀਆਂ ਤੇ ਗਲੀਆਂ ਦੇ ਨਾਵਾਂ ਦੀ ਸਮੀਖਿਆ ਕਰਨ ਦਾ ਐਲਾਨ ਕਰਦਿਆਂ ਯਕੀਨ ਦਿਵਾਇਆ ਹੈ ਕਿ ਗੁਲਾਮੀ ਨਾਲ ਸੰਬੰਧਤ ਰਹੀ ਕਿਸੇ ਵੀ ਚੀਜ਼ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ।


Lalita Mam

Content Editor

Related News