ਅਮਰੀਕਾ ''ਚ ਗੋਲੀਬਾਰੀ, ਪੁਲਸ ਅਧਿਕਾਰੀ ਸਣੇ 6 ਲੋਕਾਂ ਦੀ ਮੌਤ

12/11/2019 8:37:34 AM

ਵਾਸ਼ਿੰਗਟਨ— ਅਮਰੀਕਾ ਦੇ ਜਰਸੀ ਸਿਟੀ 'ਚ ਸਥਾਨਕ ਸਮੇਂ ਮੁਤਾਬਕ ਮੰਗਲਵਾਰ ਦੁਪਹਿਰ ਸਮੇਂ ਹੋਈ ਫਾਈਰਿੰਗ 'ਚ ਪੁਲਸ ਅਧਿਕਾਰੀ ਸਣੇ 6 ਲੋਕਾਂ ਦੀ ਮੌਤ ਹੋ ਗਈ । ਇਸ ਘਟਨਾ ਵਿੱਚ ਮਾਰੇ ਗਏ ਹੋਰ ਲੋਕਾਂ ਵਿੱਚ ਦੋ ਸ਼ੱਕੀਆਂ ਤੋਂ ਇਲਾਵਾ ਤਿੰਨ ਨਾਗਰਿਕ ਵੀ ਸ਼ਾਮਲ ਹਨ । ਪੁਲਸ ਅਧਿਕਾਰੀ ਮਾਈਕਲ ਕੇਲੀ ਮੁਤਾਬਕ ਗੋਲੀਬਾਰੀ ਦੀ ਘਟਨਾ ਦੋ ਥਾਵਾਂ ਉੱਤੇ ਹੋਈ । ਸਭ ਤੋਂ ਪਹਿਲਾਂ ਕਬਰਸਤਾਨ 'ਚ ਗੋਲੀ ਚੱਲੀ । ਮੌਕੇ 'ਤੇ ਪੁੱਜੇ 'ਡਿਟੇਕਟਿਵ ਜੋਸਫ ਸੀਲਸ' ਨੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਸ਼ੱਕੀਆਂ ਵਲੋਂ ਗੋਲੀ ਮਾਰ ਦਿੱਤੀ ਗਈ ਅਤੇ ਉਨ੍ਹਾਂ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਇਸ ਦੇ ਬਾਅਦ ਕੋਸ਼ਰ ਸੁਪਰ ਮਾਰਕਿਟ ਵਿੱਚ ਗੋਲੀਬਾਰੀ ਹੋਈ। ਇੱਥੋਂ 5 ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ 'ਚੋਂ ਦੋ ਸ਼ੱਕੀ ਹਮਲਾਵਰ ਦੱਸੇ ਜਾ ਰਹੇ ਹਨ।

ਪੁਲਸ ਦੀ ਐਮਰਜੈਂਸੀ ਸਰਵਿਸ ਯੂਨਿਟਸ ਨੂੰ ਸੁਪਰ ਮਾਰਕਿਟ ਵੱਲ ਭੇਜਿਆ ਗਿਆ । ਪੁਲਸ ਅਧਿਕਾਰੀ ਤਕਰੀਬਨ ਚਾਰ ਘੰਟੇ ਫਾਇਰਿੰਗ ਵਿੱਚ ਘਿਰੇ ਰਹੇ । ਘਟਨਾ ਵਿੱਚ ਦੋ ਹੋਰ ਪੁਲਸ ਕਰਮਚਾਰੀ ਵੀ ਜਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ । ਪੁਲਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਅੱਤਵਾਦੀ ਹਮਲਾ ਨਹੀਂ ਸੀ ਪਰ ਫਿਰ ਵੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਦੇ ਤੁਰੰਤ ਬਾਅਦ ਜਰਸੀ ਸਿਟੀ ਦੇ ਦੱਖਣ ਜ਼ਿਲੇ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ । ਜਰਸੀ ਸਿਟੀ ਸਕੂਲ ਡਿਸਟ੍ਰਿਕਟ ਨੇ ਟਵੀਟ ਕੀਤਾ - 'ਸਾਰੇ ਵਿਦਿਆਰਥੀ ਅਤੇ ਕਰਮਚਾਰੀ ਸੁਰੱਖਿਅਤ ਹਨ ।' ਇਸ ਦੇ ਇੱਕ ਘੰਟੇ ਬਾਅਦ ਇੱਕ ਹੋਰ ਟਵੀਟ ਵਿੱਚ ਕਿਹਾ ਗਿਆ- 'ਜਦੋਂ ਤੱਕ ਸਾਨੂੰ ਪੁਲਸ ਵਲੋਂ ਮਨਜ਼ੂਰੀ ਨਹੀਂ ਮਿਲਦੀ , ਤਦ ਤਕ ਵਿਦਿਆਰਥੀਆਂ ਨੂੰ ਬਾਹਰ ਨਹੀਂ ਕੱਢਿਆ ਜਾਵੇਗਾ।'