ਇੰਡੋਨੇਸ਼ੀਆ: ਚੋਣਾਂ ਤੋਂ ਬਾਅਦ ਛਿੜੇ ਦੰਗਿਆਂ ''ਚ 6 ਮਰੇ, ਸੋਸ਼ਲ ਮੀਡੀਆ ''ਤੇ ਲੱਗੀ ਪਾਬੰਦੀ

05/22/2019 5:27:24 PM

ਜਕਾਰਤਾ— ਇੰਡੋਨੇਸ਼ੀਆ ਦੀ ਰਾਜਧਾਨੀ 'ਚ ਚੋਣਾਂ ਸਬੰਧੀ ਦੰਗਿਆਂ 'ਚ 6 ਲੋਕਾਂ ਦੀ ਮੌਤ ਹੋ ਗਈ, ਜਿਥੇ ਰਾਸ਼ਟਰਪਤੀ ਅਹੁਦੇ ਦੇ ਹਾਰੇ ਉਮੀਦਵਾਰ ਦੇ ਸਮਰਥਕਾਂ ਨੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਤੇ ਪੁਲਸ ਦੇ ਨਾਲ ਉਨ੍ਹਾਂ ਦੀ ਝੜਪ ਹੋ ਗਈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਸਰਕਾਰ ਨੇ ਦੰਗਿਆਂ ਦੇ ਮੱਦੇਨਜ਼ਰ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾ ਦਿੱਤੀ ਹੈ। ਰਾਸ਼ਟਰਪਤੀ ਅਹੁਦੇ ਦੇ ਹਾਰੇ ਉਮੀਦਵਾਰ ਸਾਬਕਾ ਜਨਰਲ ਪਰਾਬੋਵੋ ਸੁਬਿਯਾਂਤੋਂ ਦੇ ਸਮਰਥਕਾਂ ਦੇ ਚੋਣ ਏਜੰਸੀ ਸੁਪਰਵਾਈਜ਼ਰ ਦੇ ਸ਼ਹਿਰ ਦੇ ਦਫਤਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ 'ਤੇ ਮੰਗਲਵਾਰ ਦੀ ਰਾਤ ਝੜਪ ਸ਼ੁਰੂ ਹੋ ਗਈ ਤੇ ਉਦੋਂ ਤੋਂ ਹੀ ਦੰਗੇ ਜਾਰੀ ਹਨ। ਜਕਾਰਤਾ 'ਚ ਘੱਟ ਤੋਂ ਘੱਟ ਦੋ ਦਰਜਨ ਤੋਂ ਜ਼ਿਆਦਾ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਸ 'ਤੇ ਪੱਥਰਬਾਜ਼ ਵੀ ਕੀਤੀ ਗਈ। ਪੁਲਸ ਨੇ ਹਾਲਾਤ ਕਾਬੂ ਕਰਨ ਲਈ ਹੰਝੂ ਗੈਸ, ਰਬਰ ਦੀਆਂ ਗੋਲੀਆਂ ਦਾਗੀਆਂ ਤੇ ਪਾਣੀ ਦੀਆਂ ਬੌਛਾਰਾਂ ਵੀ ਛੱਡੀਆਂ। ਪੁਲਸ ਮੁਖੀ ਟੀਟੋ ਕਰਨਵਿਯਨ ਨੇ ਦੱਸਿਆ ਕਿ ਲੋਕਾਂ ਦੀ ਮੌਤ ਗੋਲੀ ਲੱਗਣ ਜਾਂ ਅੱਗ ਨਾਲ ਝੁਲਸਣ ਕਾਰਨ ਹੋਈ। ਉਥੇ ਹੀ ਅਧਿਕਾਰੀ ਅਜੇ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਰਾਸ਼ਟਰਪਤੀ ਅਹੁਦੇ ਦੇ ਹਾਰੇ ਉਮੀਦਵਾਰ ਤੇ ਸਾਬਕਾ ਜਨਰਲ ਸੁਬਿਯਾਂਤੋ ਨੇ 17 ਮਾਰਚ ਨੂੰ ਹੋਈਆਂ ਚੋਣਾਂ ਦੇ ਨਤੀਜਿਆਂ ਨੂੰ ਸਵਿਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਖੁਦ ਨੂੰ ਜੇਤੂ ਐਲਾਨ ਕਰ ਦਿੱਤਾ। ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਜੋਕੋ ਵਿਦੋਦੋ 55.5 ਫੀਸਦੀ ਵੋਟਾਂ ਹਾਸਲ ਕਰਕੇ ਜੇਤੂ ਰਹੇ ਹਨ। ਇਹ ਜੋਕੋ ਵਿਦੋਦੋ ਦਾ ਦੂਜਾ ਕਾਰਜਕਾਲ ਹੈ।

Baljit Singh

This news is Content Editor Baljit Singh