ਫਿਲਪੀਨ 'ਚ ਜ਼ਬਰਦਸਤ ਭੂਚਾਲ ਕਾਰਨ ਕਈ ਲੋਕ ਜ਼ਖਮੀ, ਮਾਲ 'ਚ ਲੱਗੀ ਅੱਗ

10/16/2019 7:46:32 PM

ਹਾਂਗਕਾਂਗ— ਫਿਲਪੀਨ 'ਚ ਜ਼ਬਰਦਸਤ ਭੂਚਾਲ ਦੇ ਝਟਕੇ ਲੱਗਣ ਦੀ ਖਬਰ ਮਿਲੀ ਹੈ। ਅਮਰੀਕੀ ਭੂ-ਸਰਵੇ ਵਿਭਾਗ ਨੇ ਦੱਸਿਆ ਕਿ ਫਿਲਪੀਨ ਦੇ ਮਾਗਸਾਸਾ ਦੇ ਪੱਛਮ 'ਚ ਪੰਜ ਕਿਲੋਮੀਟਰ ਦੂਰ 6.7 ਤੀਬਰਤਾ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਗਹਿਰਾਈ 'ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਕੇਂਦਰ ਮਹਾਸਾਗਰ 'ਚ 'ਰਿੰਗ ਆਫ ਫਾਇਰ' 'ਚ ਸੀ, ਜਿਥੇ ਭਿਆਨਕ ਭੂਚਾਲ ਆਉਂਦੇ ਰਹਿੰਦੇ ਹਨ। 'ਰਿੰਗ ਆਫ ਫਾਇਰ' ਜਾਪਾਨ ਤੋਂ ਲੈ ਕੇ ਦੱਖਣ-ਪੂਰਬੀ ਏਸ਼ੀਆ ਤੇ ਸਮੂਚੇ ਪ੍ਰਸ਼ਾਂਤ ਬੇਸਿਨ ਤੱਕ ਫੈਲਿਆ ਹੋਇਆ ਹੈ। ਇਸ ਭੂਚਾਲ ਕਾਰਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

ਭੂਚਾਲ ਜ਼ਬਰਦਸਤ ਹੋਣ ਕਾਰਨ ਫਿਲਪੀਨ ਦੇ ਵੱਖ-ਵੱਖ ਸੂਬਿਆਂ 'ਚ ਇਸ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਕਾਰਨ ਕੁਝ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਜਿਨ੍ਹਾਂ ਦੀਆਂ ਤਸਵੀਰਾਂ ਟਵਿੱਟਰ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। 

ਸਥਾਨਕ ਫਿਲ ਨਿਊਜ਼ ਏਜੰਸੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਭੂਚਾਲ ਤੋਂ ਬਾਅਦ ਜਨਰਲ ਸਾਂਟੋਸ ਸਿਟੀ ਦੇ ਗੇਸਾਨੋ ਮਾਲ 'ਚ ਭਿਆਨਕ ਅੱਗ ਲੱਗ ਗਈ। 

 ਟਵਿੱਟਰ 'ਤੇ ਜ਼ਖਮੀ ਲੋਕਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਭੂਚਾਲ ਤੋਂ ਬਾਅਦ ਅਜੇ ਤੱਕ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।


 

Baljit Singh

This news is Content Editor Baljit Singh