ਕੋਰੋਨਾ ਵਾਇਰਸ ਕਾਰਨ 571 ਲੋਕ ਪੀੜਤ, ਹੁਬੇਈ ਵਾਸੀਆਂ ਦੇ ਸ਼ਹਿਰ ਛੱਡ ਕੇ ਜਾਣ ''ਤੇ ਲੱਗੀ ਰੋਕ

01/23/2020 11:07:18 AM

ਬੀਜਿੰਗ— ਚੀਨ ਦੇ ਸਿਹਤ ਅਧਿਕਾਰੀਆਂ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਵੀਰਵਾਰ ਤਕ ਕੋਰੋਨਾ ਵਾਇਰਸ ਨਿਮੋਨੀਆ ਦੀ ਲਪੇਟ 'ਚ 571 ਲੋਕ ਆ ਚੁੱਕੇ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ 95 ਲੋਕਾਂ ਦੀ ਹਾਲਤ ਗੰਭੀਰ ਹੈ। ਇਸ ਕਾਰਨ ਹੁਣ ਤਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਵਿਦੇਸ਼ਾਂ 'ਚ ਵੀ ਇਸ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ। ਹੁਬੇਈ ਸੂਬੇ ਦੀ ਸਰਕਾਰ ਨੇ ਸਥਾਨਕ ਲੋਕਾਂ ਦੇ ਸ਼ਹਿਰ ਛੱਡਣ 'ਤੇ ਅਸਥਾਈ ਰੋਕ ਲਗਾਈ ਹੈ, ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਚੀਨ ਦੇ 13 ਸੂਬਿਆਂ 'ਚ 250 ਤੋਂ ਵਧੇਰੇ ਨਵੇਂ ਸ਼ੱਕੀ ਮਾਮਲੇ ਦਰਜ ਕੀਤੇ ਗਏ ਹਨ। ਅਮਰੀਕਾ, ਜਾਪਾਨ, ਦੱਖਣੀ ਕੋਰੀਆ ਅਤੇ ਥਾਈਲੈਂਡ 'ਚ ਨਵੇਂ ਕੋਰੋਨਾ ਵਾਇਰਸ ਦੀ ਪੁਸ਼ਟੀ ਦੇ ਮਾਮਲੇ ਵੀ ਦਰਜ ਕੀਤੇ ਗਏ ਹਨ। ਚੀਨ ਦੇ ਹੁਬੇਈ ਸੂਬੇ ਦੇ ਵੂਹਾਨ ਸ਼ਹਿਰ 'ਚ ਇਸ ਵਾਇਰਸ ਦਾ ਸਭ ਤੋਂ ਵਧ ਅਸਰ ਹੈ। ਵੂਹਾਨ 'ਚ ਇਕ ਕਰੋੜ 10 ਲੱਖ ਲੋਕ ਰਹਿੰਦੇ ਹਨ। ਇਸੇ ਲਈ ਲੋਕਾਂ ਨੂੰ ਜਨਤਕ ਸਥਾਨਾਂ 'ਤੇ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ।