ਕੈਨੇਡਾ ''ਚ 2018 ਦਾ ਵੱਡਾ ਹਾਦਸਾ, ਹੋਈ 50 ਵਾਹਨਾਂ ਦੀ ਟੱਕਰ

02/10/2018 11:06:45 AM

ਕੈਲਗਰੀ— ਸ਼ੁੱਕਰਵਾਰ ਸਵੇਰੇ ਲਗਭਗ 9 ਵਜੇ ਕੈਨੇਡਾ ਦੇ ਸ਼ਹਿਰ ਕੈਲਗਰੀ 'ਚ 50 ਵਾਹਨ ਟਕਰਾ ਗਏ, ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਪੁਲਸ ਨੇ ਦੱਸਿਆ ਕਿ ਸਟੋਨੀ ਟਰੇਲ ਅਤੇ ਚਾਰਪੈਰਲ ਬੁਲੇਵਾਰਡ(ਦੱਖਣੀ-ਪੂਰਬੀ) ਅਤੇ ਕਰੈਨਸਟਾਨ ਬੁਲੇਵਾਰਡ(ਦੱਖਣੀ-ਪੂਰਬੀ) ਸੜਕ 'ਤੇ ਇਕ ਤੋਂ ਬਾਅਦ ਇਕ ਵਾਹਨ ਟਕਰਾਏ ਅਤੇ ਕੁੱਝ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਮਾਮਲੇ ਦੀ ਜਾਂਚ ਕਰ ਰਹੇ ਕੈਲਗਰੀ ਪੁਲਸ ਦੇ ਸਰਜੈਂਟ ਜੈੱਫ ਬੈੱਲ ਨੇ ਦੱਸਿਆ,''ਇਹ ਬਹੁਤ ਭਿਆਨਕ ਹਾਦਸਾ ਸੀ, ਅਸੀਂ ਕਈ ਵਾਰ 5 ਜਾਂ 10 ਵਾਹਨਾਂ ਦੀ ਟੱਕਰ ਬਾਰੇ ਸੁਣਿਆ ਸੀ ਪਰ ਇਕੱਠੇ 50 ਵਾਹਨਾਂ ਦੀ ਟੱਕਰ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਸੀ। ਇੱਥੇ 6 ਲੋਕ ਜ਼ਖਮੀ ਹੋਏ ਅਤੇ ਸਾਰੇ ਖਤਰੇ ਤੋਂ ਬਾਹਰ ਹਨ।'' ਇਸ ਹਾਦਸੇ ਨੂੰ 2018 ਦਾ ਵੱਡਾ ਹਾਦਸਾ ਕਿਹਾ ਜਾ ਸਕਦਾ ਹੈ, ਜਿਸ 'ਚ ਰੱਬ ਨੇ ਹੱਥ ਦੇ ਕੇ ਲੋਕਾਂ ਦੀ ਜਾਨ ਬਚਾਈ।


ਤੁਹਾਨੂੰ ਦੱਸ ਦਈਏ ਕਿ ਪਹਿਲਾਂ ਜ਼ਖਮੀਆਂ ਦੀ ਗਿਣਤੀ 8-9 ਦੱਸੀ ਜਾ ਰਹੀ ਸੀ ਪਰ ਬਾਅਦ 'ਚ ਇਹ ਸਪੱਸ਼ਟ ਕੀਤਾ ਗਿਆ ਕਿ ਹਾਦਸੇ 'ਚ 6 ਲੋਕ ਜ਼ਖਮੀ ਹੋਏ ਹਨ। ਪਿਛਲੇ ਦੋ ਦਿਨਾਂ ਤੋਂ ਕੈਲਗਰੀ 'ਚ 25 ਸੈਂਟੀਮੀਟਰ ਤਕ ਬਰਫ ਪਈ ਹੈ, ਇਸੇ ਕਾਰਨ ਸੜਕਾਂ 'ਤੇ ਤਿਲਕਣ ਵਧ ਗਈ ਹੈ। ਕਈ ਦਿਨਾਂ ਤੋਂ ਲੋਕਾਂ ਨੂੰ ਵਾਰ-ਵਾਰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਵਾਹਨ ਚਲਾਉਣ ਸਮੇਂ ਵਧੇਰੇ ਸਾਵਧਾਨੀ ਵਰਤਣ।


ਵਾਹਨਾਂ ਨੂੰ ਸੜਕ ਤੋਂ ਹਟਾਉਣ 'ਚ ਕਾਫੀ ਸਮਾਂ ਲੱਗਾ ਅਤੇ ਇਸ ਰਸਤੇ ਨੂੰ ਕੁੱਝ ਘੰਟਿਆਂ ਲਈ ਬੰਦ ਰੱਖਿਆ ਗਿਆ। ਲਗਭਗ 2 ਵਜੇ ਇਸ ਰਾਹ ਨੂੰ ਮੁੜ ਖੋਲ੍ਹਿਆ ਗਿਆ। ਕੜਾਕੇ ਦੀ ਠੰਡ ਅਤੇ ਬਰਫਬਾਰੀ ਕਾਰਨ ਲੋਕਾਂ ਲਈ ਸਫਰ ਕਰਨਾ ਵੱਡੀ ਮਸੀਬਤ ਬਣ ਗਿਆ ਹੈ।