ਰਵਾਂਡਾ ਸ਼ਰਨਾਰਥੀ ਕੈਂਪ ਵਿਚ ਹਿੰਸਾ ਕਾਰਨ 5 ਦੀ ਮੌਤ, 27 ਜ਼ਖਮੀ

02/23/2018 2:04:16 PM

ਕਿਗਾਲੀ (ਰਾਇਟਰ)- ਮੱਧ-ਪੂਰਬ ਅਫਰੀਕੀ ਦੇਸ਼ ਰਵਾਂਡਾ ਦੇ ਇਕ ਕੈਂਪ ਵਿਚ ਖੁਰਾਕ ਸਮੱਗਰੀਆਂ ਵਿਚ ਕਟੌਤੀ ਦਾ ਵਿਰੋਧ ਕਰ ਰਹੀ ਭੀੜ ਦੇ ਹਿੰਸਕ ਰੂਪ ਅਖਤਿਆਰ ਕਰਨ ਕਾਰਨ ਪੰਜ ਸ਼ਰਨਾਰਥੀ ਮਾਰੇ ਗਏ ਅਤੇ 20 ਹੋਰ ਜ਼ਖਮੀ ਹੋ ਗਏ। ਹਿੰਸਾ ਦੌਰਾਨ ਹੋਈ ਝੜਪ ਵਿਚ 7 ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਰਵਾਂਡਾ ਪੁਲਸ ਦੇ ਬੁਲਾਰੇ ਥਿਓਸ ਬਡੇਗੇ ਨੇ ਸਰਕਾਰੀ ਰੇਡੀਓ ਨੂੰ ਸ਼ੁੱਕਰਵਾਰ ਨੂੰ ਦੱਸਿਆ ਕਿ ਬੀਤੇ ਮੰਗਲਵਾਰ ਤੋਂ ਹੀ ਕੋਈ 3000 ਸ਼ਰਨਾਰਥੀ ਕੈਂਪ ਵਿਚ ਸਥਿਤ ਸੰਯੁਕਤ ਰਾਸ਼ਟਰ ਦਫਤਰ ਦੇ ਸਾਹਮਣੇ ਇਕੱਠੇ ਹੋ ਗਏ ਸਨ। ਕਲ ਪੁਲਸ ਨੇ ਹੰਝੂ ਗੈਸਾਂ ਦਾ ਇਸਤੇਮਾਲ ਕਰਕੇ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜ ਸ਼ਰਨਾਰਥੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। 7 ਪੁਲਸ ਅਧਿਕਾਰੀ ਵੀ ਜ਼ਖਮੀ ਹੋ ਗਏ। ਰਵਾਂਡਾ ਵਿਚ ਫਿਲਹਾਲ ਇਕ ਲੱਖ 74 ਹਜ਼ਾਰ ਸ਼ਰਨਾਰਥੀ ਰਹਿ ਰਹੇ ਹਨ। ਇਨ੍ਹਾਂ ਵਿਚ 2015 ਦੀ ਹਿੰਸਾ ਨਾਲ ਪ੍ਰਭਾਵਿਤ ਬੁਰੁੰਡੀ ਦੇ 57000 ਲੋਕ ਵੀ ਸ਼ਾਮਲ ਹਨ। ਬਾਕੀ ਸ਼ਰਨਾਰਥੀਆਂ ਵਿਚ ਪਿਛਲੇ 20 ਸਾਲ ਤੋਂ ਕਾਂਗੋ ਵਿਚ ਅਸਥਿਰਤਾ ਦੌਰਾਨ ਭੱਜੇ ਲੋਕ ਸ਼ਾਮਲ ਹਨ। ਯੂ.ਐਨ.ਐਚ.ਸੀ.ਆਰ ਨੇ ਬੀਤੇ ਜਨਵਰੀ ਮਹੀਨੇ ਕਿਹਾ ਸੀ ਕਿ ਧਨ ਦੀ ਕਮੀ ਕਾਰਨ ਰਾਸ਼ਨ ਵਿਚ ਕਟੌਤੀ ਕੀਤੀ ਜਾ ਰਹੀ ਹੈ।