ਲਹਿੰਦੇ ਪੰਜਾਬ ''ਚ ਅਲਕਾਇਦਾ ਦੇ 5 ਅੱਤਵਾਦੀ ਗ੍ਰਿਫਤਾਰ

12/27/2019 6:59:41 PM

ਲਾਹੌਰ- ਪਾਕਿਸਤਾਨ ਵਿਚ ਪੰਜਾਬ ਦੀ ਪੁਲਸ ਦੇ ਅੱਤਵਾਦ ਰੋਕੂ ਵਿਭਾਗ ਤੇ ਖੂਫੀਆ ਏਜੰਸੀ ਨੇ ਗੁਜਰਾਂਵਾਲਾ ਵਿਚ ਇਕ ਸੰਯੁਕਤ ਆਪ੍ਰੇਸ਼ਨ ਵਿਚ ਪਾਬੰਦੀਸ਼ੁਦਾ ਅਲਕਾਇਦਾ ਭਾਰਤੀ ਉਪ-ਮਹਾਦੀਪ (ਏ.ਕਿਊ.ਆਈ.ਐਸ.) ਦੇ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

ਪਾਕਿਸਤਾਨ ਮੀਡੀਆ ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਾਅ ਇਨਫੋਰਸਮੈਂਟ ਏਜੰਸੀਆਂ ਨੇ ਦੱਸਿਆ ਹੈ ਕਿ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਹੀ ਅਲਕਾਇਦਾ ਭਾਰਤੀ ਉਪ-ਮਹਾਦੀਪ ਦੇ ਮੀਡੀਆ ਸੈਲ ਦਾ ਪਰਦਾਫਾਸ਼ ਹੋਇਆ ਹੈ। ਇਹ ਸਾਰੇ ਅੱਤਵਾਦ ਦੇ ਵਿੱਤਪੋਸ਼ਣ ਵਿਚ ਵੀ ਸ਼ਾਮਲ ਹਨ। ਇਹ ਸਾਰੇ ਅਲਕਾਇਦਾ ਭਾਰਤੀ ਉਪ-ਮਹਾਦੀਪ ਦੇ ਖਾਸ ਗੁਰਗੇ ਦੱਸੇ ਜਾ ਰਹੇ ਹਨ। ਰਿਪੋਰਟ ਵਿਚ ਦੱਸਿਆ ਗਿਆ ਕਿ ਇਹਨਾਂ ਦੇ ਕੋਲੋਂ ਮੀਡੀਆ ਦੇ ਕੰਮ ਆਉਣ ਵਾਲੇ ਸਾਧਨਾਂ ਦੇ ਨਾਲ-ਨਾਲ ਘਾਤਕ ਹਥਿਆਰ ਬਰਾਮਦ ਹੋਏ ਹਨ, ਜਿਹਨਾਂ ਵਿਚ ਆਤਮਘਾਤੀ ਜੈਕੇਟਾਂ ਵੀ ਸ਼ਾਮਲ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਅਲਕਾਇਦਾ ਭਾਰਤੀ ਉਪ-ਮਹਾਦੀਪ ਦੇ ਮੈਂਬਰ ਆਨਲਾਈਨ ਤੇ ਕਰਾਚੀ ਵਿਚ ਇਕ ਖੂਫੀਆ ਥਾਂ ਤੋਂ ਆਪਣੇ ਪ੍ਰੋਪੋਗੈਂਡਾ ਦੀ ਮੁਹਿੰਮ ਚਲਾ ਰਹੇ ਸਨ।

ਕਰਾਚੀ ਵਿਚ ਸੁਰੱਖਿਆ ਸੰਸਥਾਨਾਂ ਦੀ ਉਹਨਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਸੀ। ਇਸ ਦੀ ਭਨਕ ਲੱਗਣ 'ਤੇ ਉਹਨਾਂ ਨੇ ਆਪਣਾ ਅੱਡਾ ਸਿੰਧ ਸੂਬੇ ਦੇ ਕਰਾਚੀ ਤੋਂ ਬਦਲ ਕੇ ਪੰਜਾਬ ਦੇ ਗੁਜਰਾਂਵਾਲਾ ਕਰ ਦਿੱਤਾ ਪਰ ਉਹ ਸੁਰੱਖਿਆ ਏਜੰਸੀਆਂ ਦੇ ਰਾਡਾਰ 'ਤੇ ਬਣੇ ਰਹੇ। ਇਸ ਕਾਰਵਾਈ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਇਹ ਸਾਰੇ ਅਫਗਾਨਿਸਤਾਨ ਸਥਿਤ ਆਪਣੀ ਕਮਾਨ ਨਾਲ ਲਗਾਤਾਰ ਸੰਪਰਕ ਵਿਚ ਬਣੇ ਹੋਏ ਸਨ। ਉਹਨਾਂ ਦੇ ਕੋਲ ਪਾਬੰਦੀਸ਼ੁਦਾ ਕਿਤਾਬਾਂ ਦੀਆਂ ਸਾਫਟ ਫਾਈਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ।

Baljit Singh

This news is Content Editor Baljit Singh