ਪਾਕਿਸਤਾਨ ''ਚ ਹੜ੍ਹ ਨਾਲ ਪ੍ਰਭਾਵਿਤ 57 ਲੱਖ ਲੋਕਾਂ ਨੂੰ ਭੋਜਨ ਸੰਕਟ ਦਾ ਕਰਨਾ ਪਵੇਗਾ ਸਾਹਮਣਾ : ਸੰਯੁਕਤ ਰਾਸ਼ਟਰ

10/03/2022 4:50:24 PM

ਇਸਲਾਮਾਬਾਦ (ਭਾਸ਼ਾ)- ਸੰਯੁਕਤ ਰਾਸ਼ਟਰ ਦੀ ਮਨੁੱਖੀ ਸਹਾਇਤਾ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਵਿੱਚ ਹੜ੍ਹ ਨਾਲ ਪ੍ਰਭਾਵਿਤ ਕਰੀਬ 57 ਲੱਖ ਲੋਕ ਅਗਲੇ ਤਿੰਨ ਮਹੀਨਿਆਂ ਵਿੱਚ ਗੰਭੀਰ ਭੋਜਨ ਸੰਕਟ ਦਾ ਸਾਹਮਣਾ ਕਰਨਗੇ। ਪਾਕਿਸਤਾਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਹੈ ਕਿ ਦੇਸ਼ ਵਿੱਚ ਅਸਾਧਾਰਨ ਤੌਰ 'ਤੇ ਪਏ ਭਾਰੀ ਮਾਨਸੂਨ ਦੇ ਮੀਂਹ ਕਾਰਨ ਆਏ ਹੜ੍ਹ ਦੇ ਚੱਲਦੇ ਹੁਣ ਤੱਕ 1,695 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਅਥਾਰਟੀ ਮੁਤਾਬਕ ਹੜ੍ਹ ਨਾਲ 3.3 ਕਰੋੜ ਲੋਕ ਪ੍ਰਭਾਵਿਤ ਹੋਏ ਹਨ, 20 ਲੱਖ ਤੋਂ ਵੱਧ ਘਰ ਤਬਾਹ ਹੋ ਗਏ ਹਨ ਅਤੇ ਲੱਖਾਂ ਲੋਕ ਬੇਘਰ ਹੋ ਗਏ ਹਨ। ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦੇ ਦਫ਼ਤਰ ਨੇ ਸ਼ਨੀਵਾਰ ਨੂੰ ਜਾਰੀ ਆਪਣੀ ਤਾਜ਼ਾ ਰਿਪੋਰਟ ਵਿਚ ਕਿਹਾ ਕਿ ਮੌਜੂਦਾ ਹੜ੍ਹ ਨਾਲ ਪਾਕਿਸਤਾਨ ਵਿਚ ਭੋਜਨ ਦੀ ਅਸੁਰੱਖਿਆ ਹੋਰ ਵਧਣ ਦੀ ਉਮੀਦ ਹੈ ਅਤੇ ਸਤੰਬਰ ਤੋਂ ਨਵੰਬਰ ਦੇ ਵਿਚਕਾਰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲਗਭਗ 57 ਲੱਖ  ਲੋਕਾਂ ਨੂੰ ਗੰਭੀਰ ਭੋਜਨ ਸੰਕਟ ਦਾ ਸਾਹਮਣਾ ਕਰਨਾ ਪਵੇਗਾ।

ਹਾਲਾਂਕਿ, ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਅਨੁਸਾਰ ਇਸ ਵਿਨਾਸ਼ਕਾਰੀ ਹੜ੍ਹ ਤੋਂ ਪਹਿਲਾਂ ਵੀ, ਪਾਕਿਸਤਾਨ ਦੀ ਲਗਭਗ 16 ਫ਼ੀਸਦੀ ਆਬਾਦੀ ਦਰਮਿਆਨੀ ਜਾਂ ਗੰਭੀਰ ਪੱਧਰ ਦੀ ਖੁਰਾਕ ਅਸੁਰੱਖਿਆ ਦਾ ਸਾਹਮਣਾ ਕਰ ਰਹੀ ਸੀ। ਉਥੇ ਹੀ ਪਾਕਿਸਤਾਨ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਖੁਰਾਕ ਸਪਲਾਈ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਦੇਸ਼ ਕੋਲ ਅਗਲੇ ਵਾਢੀ ਦੇ ਸੀਜ਼ਨ ਤੱਕ ਕਣਕ ਦਾ ਕਾਫ਼ੀ ਸਟਾਕ ਹੈ ਅਤੇ ਸਰਕਾਰ ਵਾਧੂ ਕਣਕ ਦੀ ਦਰਾਮਦ ਵੀ ਕਰ ਰਹੀ ਹੈ। ਸੰਯੁਕਤ ਰਾਸ਼ਟਰ ਏਜੰਸੀ ਨੇ ਸੋਮਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ ਏਜੰਸੀ ਅਤੇ ਹੋਰ ਸਹਿਯੋਗੀਆਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਸਹਾਇਤਾ ਤੇਜ਼ ਕਰ ਦਿੱਤੀ ਹੈ ਅਤੇ ਇਹ ਸਹਾਇਤਾ 16 ਲੱਖ ਲੋਕਾਂ ਤੱਕ ਪਹੁੰਚਾਈ ਜਾ ਚੁੱਕੀ ਹੈ।


cherry

Content Editor

Related News