ਹਾਂਗਕਾਂਗ 'ਚ ਪ੍ਰਦਰਸ਼ਨਕਾਰੀਆਂ ਨੇ ਸੁੱਟੀਆਂ ਇੱਟਾਂ ਤੇ ਲਾਈ ਅੱਗ, ਪੁਲਸ ਨੇ 49 ਫੜੇ

07/29/2019 1:44:06 PM

ਬੀਜਿੰਗ— ਹਾਂਗਕਾਂਗ 'ਚ ਹੋ ਰਹੇ ਪ੍ਰਦਰਸ਼ਨ ਦੌਰਾਨ ਕੁੱਝ ਕੱਟੜਪੰਥੀ ਪ੍ਰਦਰਸ਼ਨਕਾਰੀਆਂ ਨੇ ਪੁਲਸ ਵਾਲਿਆਂ 'ਤੇ ਇੱਟਾਂ ਤੇ ਬੋਤਲਾਂ ਸੁੱਟੀਆਂ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਥਾਵਾਂ 'ਤੇ ਅੱਗ ਲਗਾਈ ਅਤੇ ਜਨਤਕ ਸੰਪਤੀਆਂ ਨੂੰ ਨੁਕਸਾਨ ਪਹੁੰਚਾਇਆ, ਇਸ ਮਗਰੋਂ ਪੁਲਸ ਵਲੋਂ 49 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਇਨ੍ਹਾਂ ਲੋਕਾਂ ਦੀ ਹਿੰਸਾ ਕਾਰਨ ਪੁਲਸ ਕਰਮਚਾਰੀਆਂ ਅਤੇ ਆਮ ਨਾਗਰਿਕਾਂ ਲਈ ਖਤਰਾ ਵਧਦਾ ਜਾ ਰਿਹਾ ਸੀ। ਇਸ ਦੌਰਾਨ ਹੋਰ 16 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਨ੍ਹਾਂ 'ਚੋਂ ਕੁੱਝ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਜਦਕਿ ਕਈ ਅਜੇ ਇਲਾਜ ਕਰਵਾ ਰਹੇ ਹਨ।

ਪ੍ਰਸ਼ਾਸਨਿਕ ਖੇਤਰ ਦੀ ਸਰਕਾਰ ਨੇ ਇਸ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਚਾਰਟਰ ਗਾਰਡਨ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਸਥਿਤ 'ਸਨ ਯਾਟ ਸੇਨ ਮੈਮੋਰੀਅਲ ਪਾਰਕ' 'ਚ ਪ੍ਰਦਰਸ਼ਨ ਕਰਨ ਦੀ ਮੰਗ ਕੀਤੀ ਸੀ, ਜਿਸ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ। ਪੁਲਸ ਵਲੋਂ ਪ੍ਰਦਰਸ਼ਨਕਾਰੀਆਂ 'ਤੇ ਅੱਥਰੂ ਗੈਸ ਛੱਡੀ ਗਈ, ਜਿਸ ਨਾਲ ਦੰਗੇ ਹੋਰ ਵੀ ਭੜਕ ਗਏ।